Punjab News: ਸੂਬੇ ਵਿੱਚ ਭ੍ਰਿਸ਼ਟਾਚਾਰ ਨਾਲ ਨਜਿੱਠਣ ਲਈ ਲਗਾਤਾਰ ਕੀਤੇ ਜਾ ਰਹੇ ਯਤਨਾਂ ਦੇ ਹਿੱਸੇ ਵਜੋਂ, ਪੰਜਾਬ ਵਿਜੀਲੈਂਸ ਬਿਊਰੋ ਨੇ ਪਿੰਡ ਗਾਲਿਬ, ਜ਼ਿਲ੍ਹਾ ਲੁਧਿਆਣਾ ਦੇ ਨਿਰਭੈ ਸਿੰਘ, ਜੋ ਖੁਦ ਨੂੰ ਪੱਤਰਕਾਰ ਦੱਸਦਾ ਹੈ, ਨੂੰ ਇੱਕ ਡਾਕਟਰ ਤੋਂ ਇੱਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਸ਼ੀ ਦੇ ਦੋ ਫਰਾਰ ਸਾਥੀਆਂ ਨੂੰ ਕਾਬੂ ਕਰਨ ਲਈ ਯਤਨ ਜਾਰੀ ਹਨ।



ਡਾਕਟਰ ਨੂੰ ਤਿੰਨ ਵਿਅਕਤੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ


ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਿਵਲ ਹਸਪਤਾਲ ਜਗਰਾਉਂ ਵਿਖੇ ਬਤੌਰ ਮੈਡੀਕਲ ਅਫਸਰ (ਆਰਥੋਪੀਡਿਕਸ) ਸੇਵਾ ਨਿਭਾਅ ਰਹੇ ਡਾ. ਦੀਪਕ ਗੋਇਲ ਨੇ ਵਿਜੀਲੈਂਸ ਬਿਊਰੋ ਦੇ ਰੇਂਜ ਦਫਤਰ ਲੁਧਿਆਣਾ ਵਿਖੇ ਆਪਣੇ ਬਿਆਨ ਦਰਜ ਕਰਵਾਏ ਹਨ। ਉਕਤ ਡਾਕਰਟਰ ਨੇ ਦੋਸ਼ ਲਾਇਆ ਕਿ ਜਗਰਾਉਂ ਦੀ ਕਾਉਂਕੇ ਕਲੋਨੀ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਨਾਂ ਦੇ ਮਰੀਜ਼ ਦੇ ਇਲਾਜ ਸਬੰਧੀ ਤਿੰਨ ਵਿਅਕਤੀ ਉਸ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।


ਡਾ: ਗੋਇਲ ਨੇ ਅੱਗੇ ਦੱਸਿਆ ਕਿ 29 ਜੂਨ 2023 ਨੂੰ ਬਲਜਿੰਦਰ ਸਿੰਘ ਦੀ ਲੱਤ ’ਤੇ ਸੱਟ ਲੱਗਣ ਕਾਰਨ ਉਸ ਨੂੰ ਸਿਵਲ ਹਸਪਤਾਲ ਜਗਰਾਉਂ ਵਿਖੇ ਦਾਖਲ ਕਰਵਾਇਆ ਗਿਆ ਸੀ । ਅਗਲੇ ਦਿਨ, ਡਾਕਟਰ ਨੇ ਉਸ (ਬਲਜਿੰਦਰ) ਦੀ ਜਾਂਚ ਕੀਤੀ ਅਤੇ ਐਕਸ-ਰੇ ਕਰਵਾਉਣ ਲਈ ਕਿਹਾ। ਇਸ ਤੇ, ਬਲਜਿੰਦਰ ਸਿੰਘ ਨੇ ਡਾਕਟਰੀ ਸਲਾਹ (ਲਾਮਾ) ਤੋਂ ਬਿਨਾ ਹੀ ਹਸਪਤਾਲ ਤੋਂ ਛੁੱਟੀ ਲੈ ਲਈ।
ਸ਼ਿਕਾਇਤਕਰਤਾ ਡਾਕਟਰ ਨੇ ਦੱਸਿਆ ਕਿ ਇਸ ਉਪਰੰਤ ਬਲਜਿੰਦਰ ਸਿੰਘ ਕਸਬੇ ਦੇ ਇੱਕ ਪ੍ਰਾਈਵੇਟ ਹਸਪਤਾਲ, ‘ਭਿਵਾਨ’ ਵਿੱਚ ਦਾਖਲ ਹੋ ਗਿਆ। ਇਸ ਤੋਂ ਬਾਅਦ ਬਲਜਿੰਦਰ ਸਿੰਘ ਨੇ ਡਾਕਟਰ ਗੋਇਲ ਵਿਰੁੱਧ ਐਸ.ਐਮ.ਓ ਲੁਧਿਆਣਾ ਨੂੰ ਸ਼ਿਕਾਇਤ ਦੇ ਕੇ ਦੋਸ਼ ਲਾਇਆ ਕਿ ਉਸ ਦਾ ਸਿਵਲ ਹਸਪਤਾਲ ਜਗਰਾਉਂ ਵਿੱਚ ਸਹੀ ਇਲਾਜ ਨਹੀਂ ਹੋਇਆ ਅਤੇ ਉਸ (ਬਲਜਿੰਦਰ) ਨੂੰ ਜਾਣਬੁੱਝ ਕੇ ਉਕਤ ਡਾਕਟਰ ਨੇ ਆਪਣੇ ਰਿਸ਼ਤੇਦਾਰਾਂ ਵੱਲੋ ਚਲਾਏ ਜਾ ਰਹੇ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ।


ਡਾਕਟਰ ਨੂੰ ਧਮਕਾਇਆ ਕਿ ਜੇ ਉਹ ਇਹ ਰਕਮ ਨਾ ਦਿੱਤੀ ਤਾਂ ਉਹ ਉਸਨੂੰ ਝੂਠੇ ਕੇਸ ਵਿੱਚ ਫਸਾ ਦੇਣਗੇ।


ਬੁਲਾਰੇ ਨੇ ਦੱਸਿਆ ਕਿ 5 ਸਤੰਬਰ, 2023 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗਾਲਿਬ ਦੇ ਨਿਰਭੈ ਸਿੰਘ ਅਤੇ ਪਿੰਡ ਲੀਲਾਂ ਦੇ ਮਨਜੀਤ ਸਿੰਘ ਨੇ ਖੁਦ ਨੂੰ ਪੱਤਰਕਾਰ ਦੱਸਦਿਆਂ ਸ਼ਿਕਾਇਤਕਰਤਾ ਡਾਕਟਰ ਕੋਲ ਪਹੁੰਚ ਕੀਤੀ। ਨਿਰਭੈ ਸਿੰਘ ਨੇ ਉਕਤ ਸ਼ਿਕਾਇਤਕਰਤਾ ਡਾਕਟਰ ਨੂੰ ਦੱਸਿਆ ਕਿ ਬਲਜਿੰਦਰ ਸਿੰਘ ਨੂੰ ਸਿਵਲ ਹਸਪਤਾਲ ਵਿੱਚ ਢੁਕਵੀਂ ਦੇਖਭਾਲ ਨਹੀਂ ਮਿਲੀ ਅਤੇ ਉਸ ਨੂੰ ਤੁਸੀਂ ਜਾਣਬੁੱਝ ਕੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭੇਜਿਆ ਹੈ। ਉਨ੍ਹਾਂ ਨੇ ਐਸ.ਐਮ.ਓ ਲੁਧਿਆਣਾ ਨਾਲ ਲਿਹਾਜ ਹੋਣ ਦਾ ਡਰਾਵਾ ਦਿੱਤਾ ਅਤੇ ਡਾਕਟਰ ਨੂੰ ਭਰੋਸਾ ਦਿੱਤਾ ਕਿ ਉਹ 1,40,000 ਰੁਪਏ ਰਿਸ਼ਵਤ ਲੈ ਕੇ ਸ਼ਿਕਾਇਤ ਦਾ ਨਿਪਟਾਰਾ ਕਰ ਸਕਦੇ ਹਨ। ਨਾਲ ਹੀ ਉਨ੍ਹਾਂ ਨੇ ਡਾਕਟਰ ਨੂੰ ਧਮਕਾਇਆ ਕਿ ਜੇ ਉਹ ਇਹ ਰਕਮ ਨਾ ਦਿੱਤੀ ਤਾਂ ਉਹ ਉਸਨੂੰ ਝੂਠੇ ਕੇਸ ਵਿੱਚ ਫਸਾ ਦੇਣਗੇ।


ਦੋਸ਼ੀਆਂ ਨਾਲ ਹੋਈ ਗੱਲਬਾਤ ਦੀ ਆਡੀਓ ਰਿਕਾਰਡ ਕਰ ਲਈ


ਬੁਲਾਰੇ ਨੇ ਅੱਗੇ ਦੱਸਿਆ ਕਿ ਨਿਰਭੈ ਸਿੰਘ ਨੇ ਡਾਕਟਰ ਤੋਂ 20,000 ਰੁਪਏ ਰਿਸ਼ਵਤ ਪਹਿਲਾਂ ਹੀ ਲੈ ਲਈ ਸੀ। ਇਸ ਤੋਂ ਬਾਅਦ ਵੀਰਵਾਰ ਨੂੰ ਡਾਕਟਰ ਨੇ ਉਕਤ ਰਿਪੋਰਟਰ ਨੂੰ ਇਕ ਲੱਖ ਰੁਪਏ ਹੋਰ ਦੇਣੇ ਸਨ ਪਰ ਡਾਕਟਰ ਨੇ, ਪੈਸ ਦੀ ਮੰਗ ਕਰ ਰਹੇ ਉਕਤ ਦੋਸ਼ੀਆਂ ਨਾਲ ਹੋਈ ਗੱਲਬਾਤ ਦੀ ਆਡੀਓ ਰਿਕਾਰਡ ਕਰ ਲਈ ।


ਵਿਜੀਲੈਂਸ ਬਿਓਰੋ ਨੇ ਇਸ ਸਬੰਧ ਵਿੱਚ ਬਲਜਿੰਦਰ ਸਿੰਘ, ਨਿਰਭੈ ਸਿੰਘ, ਮਨਜੀਤ ਸਿੰਘ ਵਿਰੁੱਧ ਐਫਆਈਆਰ ਨੰਬਰ 23, ਮਿਤੀ 21-09-2023 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7-ਏ ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 420 ਅਤੇ 120-ਬੀ ਦੇ ਤਹਿਤ ਰੇਂਜ ਲੁਧਿਆਣਾ ਵਿਖੇ ਕੇਸ ਦਰਜ ਕਰ ਲਿਆ।


ਬਾਕੀ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ


ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਖੁਦ ਨੂੰ ਪੱਤਰਕਾਰ ਦੱਸਣ ਦਾ ਦਾਅਵਾ ਕਰਨ ਵਾਲੇ ਨਿਰਭੈ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਡਾਕਟਰ ਗੋਇਲ ਤੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਬਿਓਰੋ ਵੱਲੋਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। ਬੁਲਾਰੇ ਨੇ ਅੱਗੇ ਦੱਸਿਆ ਕਿ ਦੋਸ਼ੀ ਨੂੰ 22 ਸਤੰਬਰ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬਾਕੀ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ ਅਤੇ ਮਾਮਲੇ ਦੀ ਅਗਲੇਰੀ ਕੀਤੀ ਜਾ ਰਹੀ ਹੈ ।