Punjab News: ਪੰਜਾਬ ਵਿਜੀਲੈਂਸ ਬਿਓਰੋ ਵਲੋਂ ਖੁਰਾਕ ਸਿਵਲ ਸਪਲਾਈਜ਼ ਵਿਭਾਗ, ਸੁਲਤਾਨਪੁਰ ਲੋਧੀ ਵਿਖੇ ਤਾਇਨਾਤ ਨਿਰੀਖਕ ਰਾਜੇਸ਼ਵਰ ਸਿੰਘ ਨੂੰ 3191.10 ਕੁਵਿੰਟਲ ਕਣਕ ਦਾ ਗਬਨ ਕਰਕੇ ਸਰਕਾਰ ਨੂੰ 80,43,678 ਰੁਪਏ ਦਾ ਚੂਨਾ ਲਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।

Continues below advertisement


ਇਸ ਸਬੰਧੀ ਜਾਣਕਾਰੀ ਵਿਜੀਲੈ਼ਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸਾਲ 2021 ਦੌਰਾਨ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਕਪੂਰਥਲਾ ਵੱਲੋਂ ਐਫ.ਸੀ.ਆਈ. ਅਧਿਕਾਰੀਆਂ ਨਾਲ ਮਿਲ ਕੇ ਮੈਸਰਜ਼ ਖੈੜਾ ਓਪਨ ਪਲਿੰਥ (ਖੁੱਲਾ ਗੁਦਾਮ) ਸੁਲਤਾਨਪੁਰ ਲੋਧੀ ਵਿੱਚ ਖੁਰਾਕ ਅਤੇ ਸਪਲਾਈ ਵਲੋਂ ਗਰੀਬ ਪਰਿਵਾਰਾਂ ਨੂੰ ਵੰਡੀ ਜਾਣ ਵਾਲੀ ਭੰਡਾਰ ਕੀਤੀ ਕਣਕ ਦੀ ਚੈਕਿੰਗ ਦੌਰਾਨ ਅੰਦਾਜਨ 24240.45 ਕੁਵਿੰਟਲ ਕਣਕ ਘੱਟ ਹੋਣੀ ਪਾਈ ਗਈ ਸੀ ਜਿਸ ਸਬੰਧੀ ਖੁਰਾਕ ਸਿਵਲ ਸਪਲਾਈਜ਼ ਵਿਭਾਗ ਦੇ 5 ਨਿਰੀਖਕਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ, ਇਸ ਕੇਸ ਵਿਚ ਵਿਵੇਕ ਸ਼ਰਮਾ, ਵਿਕਾਸ ਸੇਠੀ ਅਤੇ ਭੁਪਿੰਦਰ ਸਿੰਘ (ਸਾਰੇ ਨਿਰੀਖਕ) ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਇਸ ਕੇਸ ਵਿਚ ਸ਼ਾਮਲ ਉਕਤ ਮੁਲਜ਼ਮ ਰਾਜੇਸ਼ਵਰ ਸਿੰਘ ਨਿਰੀਖਕ, ਕਰੀਬ ਡੇਢ ਸਾਲ ਤੋਂ ਭਗੌੜਾ ਚੱਲ ਰਿਹਾ ਸੀ। ਇਸ ਮੁਲਜ਼ਮ ਵਲੋਂ ਸੁਲਤਾਨਪੁਰ ਲੋਧੀ ਦੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਗਿਆ ਜਿਥੋਂ ਵਿਜੀਲੈਂਸ ਬਿਉਰੋ ਨੇ ਗ੍ਰਿਫਤਾਰ ਕਰਕੇ ਉਸ ਦਾ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।

 ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਬਾਰੇ ਸਰਕਾਰੀ ਰਿਕਾਰਡ ਅਤੇ ਕਮੇਟੀ ਦੀ ਰਿਪੋਰਟ ਅਨੁਸਾਰ ਸੁਲਤਾਨਪੁਰ ਲੋਧੀ ਵਿਖੇ ਤਾਇਨਾਤ ਨਿਰੀਖਕਾਂ ਵੱਲੋਂ ਕਣਕ ਦੀ ਵੰਡ ਦੌਰਾਨ ਗੰਭੀਰ ਅਣਗਹਿਲੀਆਂ ਕੀਤੀਆਂ ਗਈਆਂ ਹਨ, ਜਿਸ ਕਾਰਨ ਕਿੰਨੇ ਹੀ ਲਾਭਪਾਤਰੀ ਅਜੇ ਵੀ ਕਣਕ ਦੀ ਵੰਡ ਤੋਂ ਵਾਂਝੇ ਰਹਿ ਗਏ।

ਜਾਂਚ ਦੌਰਾਨ ਪਾਇਆ ਗਿਆ ਕਿ ਉਕਤ ਕੇਂਦਰ ਸੁਲਤਾਨਪੁਰ ਲੋਧੀ ਵਿਖੇ ਤਾਇਨਾਤ ਸਟਾਫ ਵੱਲੋਂ ਕਣਕ ਦੀ ਸਾਂਭ ਸੰਭਾਲ ਤੇ ਭੰਡਾਰਨ ਵਿੱਚ ਘੋਰ ਅਣਗਹਿਲੀ ਕੀਤੀ ਗਈ ਜਿਸ ਨਾਲ ਨਾ ਕੇਵਲ ਕਣਕ ਦਾ ਸਟਾਕ ਖਰਾਬ ਹੋਇਆ ਹੈ ਸਗੋਂ ਕਣਕ ਦੀ ਘਾਟ ਵੀ ਪਾਈ ਗਈ, ਜਿਸ ਕਰਕੇ  ਵਿਵੇਕ ਸ਼ਰਮਾ, ਭੁਪਿੰਦਰ ਸਿੰਘ, ਸੁਲਤਾਨਪੁਰ ਲੋਧੀ, ਵਿਕਾਸ ਸੇਠੀ, ਰਾਜੇਸ਼ਵਰ ਸਿੰਘ (ਸਾਰੇ ਨਿਰੀਖਕ) ਅਤੇ ਮਨੀਸ਼ ਬੱਸੀ, ਸਹਾਇਕ ਖੁਰਾਕ ਤੇ ਸਪਲਾਈ ਅਫਸਰ, ਸੁਲਤਾਨਪੁਰ ਲੋਧੀ ਖਿਲਾਫ਼ ਆਈ.ਪੀ.ਸੀ. ਦੀ ਧਾਰਾ 409, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(2) ਤਹਿਤ ਪਹਿਲਾਂ ਹੀ ਮੁਕੱਦਮਾ ਦਰਜ ਕੀਤਾ ਹੋਇਆ ਹੈ। ਬੁਲਾਰੇ ਨੇ ਦੱਸਿਆ ਕਿ ਇਸ ਕੇਸ ਦੀ ਹੋਰ ਤਫਤੀਸ਼ ਜਾਰੀ ਹੈ।