Vigilance Bureau on Pearls Group Scam : ਪਰਲਜ਼ ਗਰੁੱਪ ਘੁਟਾਲਾ ਮਾਮਲੇ 'ਚ ਵਿਜੀਲੈਂਸ ਬਿਊਰੋ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਪਰਲਜ਼ ਗਰੁੱਪ ਦੇ ਮਾਲਕ ਅਤੇ ਗੋਲਡਨ ਫੋਰੈਸਟ (ਪੀਜੀਐਫ) ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ ਦੀ ਪਤਨੀ ਪ੍ਰੇਮ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰੇਮ ਕੌਰ ਲੰਬੇ ਸਮੇਂ ਤੋਂ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਨਾ ਹੋ ਕੇ ਗ੍ਰਿਫ਼ਤਾਰੀ ਤੋਂ ਬਚਦੀ ਆ ਰਿਹਾ ਸੀ। 


ਪ੍ਰੇਮ ਕੌਰ ਉਸ ਨੂੰ ਪੀਏਸੀਐਲ ਲਿਮਟਿਡ ਨਾਲ ਸਬੰਧਤ ਜਾਇਦਾਦਾਂ ਹੜੱਪਣ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਇਹ ਮਾਮਲਾ ਤਿੰਨ ਸਾਲ ਪਹਿਲਾਂ ਥਾਣਾ ਸਿਟੀ ਜ਼ੀਰਾ ਫ਼ਿਰੋਜ਼ਪੁਰ ਵਿੱਚ ਦਰਜ ਹੋਇਆ ਸੀ। ਇਲਜ਼ਾਮ ਹੈ ਕਿ ਉਸਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਉਲਟ ਰਾਜ ਵਿੱਚ ਪੀਏਸੀਐਲ ਅਤੇ ਪੀਜੀਐਫ ਦੀਆਂ ਸਹਾਇਕ ਕੰਪਨੀਆਂ ਅਤੇ ਸਮੂਹ ਕੰਪਨੀਆਂ ਨੂੰ ਵੇਚਣ ਲਈ ਆਪਣੇ ਨਜ਼ਦੀਕੀ ਸਹਿਯੋਗੀਆਂ ਨੂੰ ਅਧਿਕਾਰਤ ਕੀਤਾ ਸੀ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਪ੍ਰੇਮ ਕੌਰ ਪੀਏਸੀਐਲ ਦੀਆਂ ਕਈ ਸਮੂਹ/ਸਬਸਿਡਰੀ ਕੰਪਨੀਆਂ ਵਿੱਚ ਡਾਇਰੈਕਟਰ ਵੀ ਰਹਿ ਚੁੱਕੀ ਹੈ, ਜਿਨ੍ਹਾਂ ਵਿੱਚ ਗਿਆਨ ਸਾਗਰ ਹੈਲਥਕੇਅਰ ਲਿਮਟਿਡ, ਪਹਿਲ ਟਾਵਰਜ਼ ਪ੍ਰਾਈਵੇਟ ਲਿਮਟਿਡ, ਮਕਤੂਮ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ, ਪਰਲਜ਼ ਹਾਸਪਿਟੈਲਿਟੀ ਹੋਟਲਜ਼ ਐਂਡ ਰਿਜ਼ੋਰਟਜ਼ ਪ੍ਰਾਈਵੇਟ ਲਿਮਟਿਡ, ਵਾਲੀਆ ਐਂਡ ਮਜੂਮਦਾਰ ਰਿਅਲੇਟਰਜ਼ ਪ੍ਰਾਈਵੇਟ ਲਿਮਟਿਡ, ਵਾਲੀਆ ਐਂਡ ਮਜੂਮਦਾਰ ਬਿਲਡਰਜ਼ ਪ੍ਰਾਈਵੇਟ ਲਿਮਟਿਡ, ਹਰਵਿੰਦਰਾ ਇੰਡਸਟਰੀਜ਼ ਪ੍ਰਾਈਵੇਟ ਲਿਮਟਿਡ, ਪਰਲਜ਼ ਸਪੋਰਟਸ ਵੈਂਚਰਜ਼ ਇੰਡੀਆ ਲਿਮਟਿਡ ਅਤੇ ਪਰਲਜ਼ ਬ੍ਰਾਂਡਜ਼ ਲਿਮਟਿਡ ਸ਼ਾਮਲ ਹਨ।


ਉਸ ਦੇ ਪਤੀ ਨਿਰਮਲ ਸਿੰਘ ਭੰਗੂ, ਮੈਨੇਜਿੰਗ ਡਾਇਰੈਕਟਰ, ਪੀਜੀਐਫ ਲਿਮਟਿਡ ਨੂੰ ਪਹਿਲਾਂ ਹੀ ਸੀਬੀਆਈ ਦੁਆਰਾ ਪੀਜੀਐਫ ਪੀਏਸੀਐਲ ਲਿਮਟਿਡ ਵੱਲੋਂ ਚਲਾਏ ਚਿੱਟ ਫੰਡ (ਪੋਜ਼ੀ) ਘੁਟਾਲੇ ਵਿੱਚ ਗ੍ਰਿਫਤਾਰ ਕਰਕੇ ਚਾਰਜਸ਼ੀਟ ਕੀਤਾ ਹੋਇਆ ਹੈ। ਉਸ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਪੰਜਾਬ ਸਮੇਤ ਵੱਖ-ਵੱਖ ਰਾਜਾਂ ਦੇ ਕਰੀਬ 5 ਕਰੋੜ ਭੋਲੇ-ਭਾਲੇ ਨਿਵੇਸ਼ਕਾਂ ਨੇ ਇਸ ਸਕੀਮ ਵਿੱਚ 50,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ। 


ਯਾਦ ਰਹੇ ਕਿ ਸੁਪਰੀਮ ਕੋਰਟ ਨੇ ਜਸਟਿਸ (ਸੇਵਾਮੁਕਤ) ਆਰਐਸ ਲੋਢਾ ਦੀ ਅਗਵਾਈ ਵਾਲੀ ਇੱਕ ਉੱਚ-ਪੱਧਰੀ ਕਮੇਟੀ ਨੂੰ ਪੀਏਸੀਐਲ ਲਿਮਟਿਡ ਦੀਆਂ ਜਾਇਦਾਦਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਵਿਕਰੀ ਤੋਂ ਪ੍ਰਾਪਤ ਆਮਦਨ ਨਿਵੇਸ਼ਕਾਂ ਨੂੰ ਵਾਪਸ ਕਰਨ ਦਾ ਹੁਕਮ ਦਿੱਤਾ ਸੀ।


 



Join Our Official Telegram Channel : - 
https://t.me/abpsanjhaofficial