ਬਠਿੰਡਾ  : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਰਾਜ ਵਿੱਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਜਾਰੀ ਐਂਟੀ ਕਰੱਪਸ਼ਨ ਹੈਲਪਲਾਈਨ ਉੱਪਰ ਲੋਕਾਂ ਵੱਲੋਂ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਖਿਲਾਫ਼ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਰਹੀਆਂ ਹਨ।  ਜਿਸ ਦੇ ਸਿੱਟੇ ਵਜੋਂ ਵਿਜੀਲੈਂਸ ਬਿਉਰੋ ਨੂੰ ਮਿਲੀਆਂ ਸ਼ਿਕਾਇਤਾਂ ਦੇ ਆਧਾਰਤ ਉੱਤੇ ਬਿਉਰੋ ਨੇ ਅੱਜ ਸਿਵਲ ਹਸਪਤਾਲ ਬਠਿੰਡਾ ਵਿਖੇ ਤਾਇਨਾਤ ਦਰਜਾ ਚਾਰ ਮੁਲਾਜ਼ਮ ਵਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਉਪਰ ਕਈ ਵਿਅਕਤੀਆਂ ਵੱਲੋਂ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪੈਸੇ ਹਾਸਲ ਕਰਨ ਸਬੰਧੀ ਦੋਸ਼ ਲਾਏ ਗਏ ਸਨ।


ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਹਾਦਰਗਡ਼੍ਹ ਜੰਡੀਆਂ ਦੇ ਵਸਨੀਕ ਨਿਰਗੁਣ ਸਰਗੁਣ ਗਿਆਤਾ ਸਿੰਘ ਨੇ ਇਸ ਹੈਲਪਲਾਈਨ ਉਤੇ ਮੁਲਜ਼ਮ ਵਰਿੰਦਰ ਸਿੰਘ ਖ਼ਿਲਾਫ਼ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਜਿਸ ਦੀ ਗਹਿਨ ਪੜਤਾਲ ਉਪਰੰਤ ਵਿਜੀਲੈਂਸ ਨੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਵਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।


ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਵਰਿੰਦਰ ਸਿੰਘ ਨੇ ਸ਼ਿਕਾਇਤਕਰਤਾ ਨਿਰਗੁਣ ਸਰਗੁਣ ਗਿਆਤਾ ਸਿੰਘ ਪਾਸੋਂ ਦੋ ਕਿਸ਼ਤਾਂ ਵਿਚ ਡੇਢ-ਡੇਢ ਲੱਖ ਰੁਪਏ (ਕੁੱਲ ਤਿੰਨ ਲੱਖ ਰੁਪਏ) ਹਾਸਲ ਕੀਤੇ ਸਨ। ਇਸ ਤੋਂ ਇਲਾਵਾ ਗੁਰਮੇਲ ਸਿੰਘ ਪੁੱਤਰ ਮਿੱਠੂ ਸਿੰਘ, ਮੇਹਰਜੀਤ ਸਿੰਘ ਪੁੱਤਰ ਅਵਤਾਰ ਸਿੰਘ, ਮਨਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ, ਤਾਰਾ ਸਿੰਘ ਪੁੱਤਰ ਬਲਵੀਰ ਸਿੰਘ, ਜਗਦੀਪ ਸਿੰਘ ਪੁੱਤਰ ਬਾਬੂ ਸਿੰਘ ਆਦਿ ਨੂੰ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਹਰ ਇੱਕ ਵਿਅਕਤੀ ਪਾਸੋਂ ਢਾਈ-ਢਾਈ ਲੱਖ ਰੁਪਏ ਗੁਰਲਾਲ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਬਹਾਦਰਗੜ ਜੰਡੀਆਂ ਰਾਹੀਂ ਹਾਸਲ ਕੀਤੇ ਹਨ।


ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਕੱਦਮਾ ਨੰਬਰ 3 ਮਿਤੀ 11-07-2022 ਅਧੀਨ ਧਾਰਾ 420 ਆਈਪੀਸੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਵਿਖੇ ਦਰਜ ਕਰ ਲਿਆ ਹੈ ਅਤੇ ਹੋਰ ਤਫਤੀਸ਼ ਜਾਰੀ ਹੈ।