ਚੰਡੀਗੜ੍ਹ : ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਦਾ ਸਾਹਮਣੇ ਕਰ ਰਹੇ ਚਰਨਜੀਤ ਸਿੰਘ ਚੰਨੀ ਤੋਂ ਵਿਜੀਲੈਂਸ ਖੁਸ਼ ਨਜ਼ਰ ਨਹੀਂ ਆ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਚਰਨਜੀਤ ਸਿੰਘ ਚੰਨੀ ਨੂੰ ਪੁੱਛਗਿੱਛ ਦੇ ਲਈ ਮੁੜ ਤਲਬ ਕਰ ਸਕਦੀ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚੰਨੀ ਤੋਂ 2 ਵਾਰ ਸਵਾਲ ਜਵਾਬ ਹੋ ਚੁੱਕੇ ਹਨ। ਪਹਿਲੀ ਵਾਰ 14 ਅਪ੍ਰੈਲ ਨੂੰ ਪੇਸ਼ ਹੋਏ ਸਨ ਤਾਂ ਦੂਸਰੀ ਪੇਸ਼ੀ ਬੀਤੇ ਦਿਨ 13 ਜੂਨ ਨੂੰ ਸੀ। ਕੱਲ੍ਹ ਪੇਸ਼ੀ ਦੌਰਾਨ ਵਿਜੀਲੈਂਸ ਬਿਊਰੋ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਾਇਦਾਦ ਸਬੰਧੀ ਇੱਕ ਪ੍ਰੋਫਾਰਮਾ ਦਿੱਤਾ ਸੀ। ਜਿਸ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਸਾਰੀ ਜਾਣਕਾਰੀ ਭਰਨ ਲਈ ਕਿਹਾ ਸੀ।
13 ਜੂਨ ਨੂੰ ਪੇਸ਼ੀ ਦੌਰਾਨ ਚਰਨਜੀਤ ਸਿੰਘ ਚੰਨੀ ਜਾਇਦਾਦ ਸਬੰਧੀ ਜਿਹੜੀ ਜਾਣਕਾਰੀ ਪ੍ਰੋਫਾਰਮਾ ਵਿੱਚ ਭਰਕੇ ਲੈ ਕੇ ਗਏ ਸਨ, ਵਿਜੀਲੈਂਸ ਉਸ ਤੋਂ ਖੁਸ਼ ਨਹੀਂ ਹੈ। ਵਿਜੀਲੈਂਸ ਦੇ ਅਧਿਕਾਰੀਆਂ ਮੁਤਾਬਕ ਚਰਨਜੀਤ ਸਿੰਘ ਚੰਨੀ ਵੱਲੋਂ ਦਿੱਤੀ ਗਈ ਡਿਟੇਲ ਅਧੂਰੀ ਸੀ ਅਤੇ ਵਿਜੀਲੈਂਸ ਬਿਊਰੋ ਦੇ ਅਫ਼ਸਰ ਚਰਨਜੀਤ ਸਿੰਘ ਚੰਨੀ ਦੇ ਜਵਾਬਾਂ ਤੋਂ ਵੀ ਸੰਤੁਸ਼ਟ ਦਿਖਾਈ ਨਹੀਂ ਦਿੱਤੇ। ਜਿਸ ਕਾਰਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਮੁੜ ਤਲਬ ਕਰ ਸਕਦੀ ਹੈ। ਅਗਲੀ ਵਾਰ ਦੀ ਪੇਸ਼ੀ ਵਿੱਚ ਜਾਇਦਾਦ ਸਬੰਧੀ ਤਮਾਮ ਜਾਣਕਾਰੀ ਭਰਨ ਲਈ ਵਿਜੀਲੈਂਸ ਅਧਿਕਾਰੀ ਆਖ ਸਕਦੇ ਹਨ।
ਪਿਛਲੇ ਦਿਨ ਚਰਨਜੀਤ ਸਿੰਘ ਚੰਨੀ ਤੋਂ ਵਿਜੀਲੈਂਸ ਨੇ ਕਰੀਬ 5 ਘੰਟੇ ਪੁੱਛਗਿੱਛ ਕੀਤੀ ਸੀ। ਸਾਬਕਾ ਮੁੱਖ ਮੰਤਰੀ ਮੋਹਾਲੀ ਸਥਿਤ ਵਿਜੀਲੈਂਸ ਦੇ ਦਫ਼ਤਰ ਸਵੇਰੇ 10:30 ਵਜੇ ਦੇ ਕਰੀਬ ਪਹੁੰਚ ਗਏ ਸਨ। ਇਸ ਤੋਂ ਪਹਿਲਾਂ ਵੀ ਵਿਜੀਲੈਂਸ ਨੇ ਜਲੰਧਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਤੋਂ ਪਹਿਲਾਂ 14 ਅਪ੍ਰੈਲ ਨੂੰ ਚੰਨੀ ਨੂੰ ਪੁੱਛਗਿੱਛ ਲਈ ਸੱਦਿਆ ਸੀ ਤੇ ਅਫ਼ਸਰਾਂ ਨੇ ਉਨ੍ਹਾਂ ਨੂੰ ਬਿਊਰੋ ਦਾ ਨਿਰਧਾਰਤ ਪ੍ਰੋਫਾਰਮਾ ਭਰ ਕੇ ਦੇਣ ਅਤੇ ਸੰਪਤੀਆਂ ਸਬੰਧੀ ਹੋਰ ਜਾਣਕਾਰੀ ਦੇਣ ਲਈ ਕਿਹਾ ਸੀ। ਚਰਨਜੀਤ ਸਿੰਘ ਚੰਨੀ ਨੇ ਵਿਜੀਲੈਂਸ ਵੱਲੋਂ ਪੁੱਛਗਿੱਛ ਲਈ ਬੁਲਾਏ ਜਾਣ ’ਤੇ ਉਨ੍ਹਾਂ ਦੇ ਕਤਲ ਦਾ ਖ਼ਦਸ਼ਾ ਪ੍ਰਗਟਾਇਆ ਸੀ। ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ, "ਮੈਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ, ਇੱਥੋਂ ਤੱਕ ਕਿ ਉਨ੍ਹਾਂ ਨੂੰ ਮਾਰਿਆ ਵੀ ਜਾ ਸਕਦਾ ਹੈ।" ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਬਦਲਾਖੋਰੀ ਦੀ ਰਾਜਨੀਤੀ ਕਰਨ ਦਾ ਵੀ ਇਲਜ਼ਾਮ ਲਗਾਇਆ ਹੈ।