ਸ਼੍ਰੋਮਣੀ ਅਕਾਲੀ ਦਲ (ਸ਼੍ਰੋਮਣੀ ਅਕਾਲੀ ਦਲ) ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਵਿੱਚ ਵਿਜੀਲੈਂਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਨੂੰ ਹੁਣ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਘਰ ਤੋਂ ਮੋਹਾਲੀ ਲਿਜਾਇਆ ਜਾ ਰਿਹਾ ਹੈ। 15 ਅਧਿਕਾਰੀਆਂ ਦੀ ਇੱਕ ਟੀਮ ਬੁੱਧਵਾਰ ਸਵੇਰੇ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਗ੍ਰੀਨ ਐਵੇਨਿਊ ਸਥਿਤ ਨਿਵਾਸ ਸਥਾਨ 'ਤੇ ਪਹੁੰਚੀ। ਵਿਜੀਲੈਂਸ ਦੇ ਐਸਐਸਪੀ ਲਖਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਮਜੀਠੀਆ ਦੇ ਘਰ ਪਹੁੰਚੀ। ਇਹ ਛਾਪਾ ਨਸ਼ੇ ਦੇ ਸਬੰਧ ਵਿੱਚ ਮਾਰਿਆ ਗਿਆ ਸੀ। 

ਜ਼ਿਕਰ ਕਰ ਦਈਏ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ (25 ਜੂਨ) ਨੂੰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰੀ ਦੀ ਵੀਡੀਓ ਸਾਂਝੀ ਕਰਦੇ ਹੋਏ ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਗੁਰੂ ਸਾਹਿਬ ਦੇ ਪੁੱਤਰ ਹਾਂ। ਭਗਵੰਤ ਮਾਨਾ ਪੰਜਾਬ ਦੇ ਮੁੱਦੇ ਹਿੱਕ ਠੋਕ ਕੇ ਚੱਕੇ ਨੇ ਤੇ ਅਗਾਂਹ ਵੀ ਚੱਕਾਂਗੇ।

ਗ੍ਰਿਫ਼ਤਾਰੀ ਤੋਂ ਪਹਿਲਾਂ ਵਿਜੀਲੈਂਸ ਦੀ ਰੇਡ ਮਗਰੋਂ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਤਿੱਖਾ ਹਮਲਾ ਬੋਲਿਆ ਹੈ। ਮਜੀਠੀਆ ਨੇ ਕਿਹਾ ਹੈ ਕਿ ਜਦੋਂ ਭਗਵੰਤ ਮਾਨ ਸਰਕਾਰ ਨੂੰ ਝੂਠੇ ਡਰੱਗ ਕੇਸ ਵਿੱਚ ਮੇਰੇ ਖਿਲਾਫ ਕੁਝ ਨਹੀਂ ਮਿਲਿਆ ਤਾਂ ਹੁਣ ਉਹ ਮੇਰੇ ਖਿਲਾਫ ਇੱਕ ਨਵਾਂ ਝੂਠਾ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਲਈ ਹੀ ਅੱਜ ਵਿਜੀਲੈਂਸ ਦੇ ਐਸਐਸਪੀ ਦੀ ਅਗਵਾਈ ਵਾਲੀ ਟੀਮ ਨੇ ਮੇਰੇ ਘਰ ਛਾਪਾ ਮਾਰਿਆ। ਮਜੀਠੀਆ ਨੇ ਕਿਹਾ ਭਗਵੰਤ ਮਾਨ ਜੀ, ਇਹ ਗੱਲ ਸਮਝ ਲਵੋ, ਤੁਸੀਂ ਭਾਵੇਂ ਜਿੰਨੇ ਮਰਜ਼ੀ ਪਰਚੇ ਦਰਜ ਕਰ ਦਿਓ, ਨਾ ਤਾਂ ਮੈਂ ਡਰਾਂਗਾ ਤੇ ਨਾ ਹੀ ਤੁਹਾਡੀ ਸਰਕਾਰ ਮੇਰੀ ਆਵਾਜ਼ ਦਬਾ ਸਕੇਗੀ। ਮੈਂ ਹਮੇਸ਼ਾ ਪੰਜਾਬ ਦੇ ਮੁੱਦਿਆਂ 'ਤੇ ਬੋਲਿਆ ਹੈ ਤੇ ਭਵਿੱਖ ਵਿੱਚ ਵੀ ਬੋਲਦਾ ਰਹਾਂਗਾ। ਮੈਨੂੰ ਸਦੀਵੀ ਪਰਮਾਤਮਾ, ਗੁਰੂ ਸਾਹਿਬ 'ਤੇ ਪੂਰਾ ਵਿਸ਼ਵਾਸ ਹੈ। ਅੰਤਿਮ ਜਿੱਤ ਸੱਚ ਦੀ ਹੋਵੇਗੀ।

ਹਰਸਿਮਰਤ ਕੌਰ ਬਾਦਲ ਨੇ ਕੀ ਕਿਹਾ ?

ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀਡੀਓ ਸਾਂਝੀ ਕਰਕੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅੱਜ ਜਿਸ ਤਰ੍ਹਾਂ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਕੱਠਪੁਤਲੀ ਭਗਵੰਤ ਮਾਨ ਨੇ ਮੇਰੇ ਛੋਟੇ ਵੀਰ ਬਿਕਰਮ ਸਿੰਘ ਮਜੀਠੀਆ ਦੇ ਘਰ ਆਪਣੀ ਪੁਲਿਸ ਭੇਜੀ ਹੈ ਉਸਨੇ ਇੰਦਰਾ ਗਾਂਧੀ ਵੱਲੋਂ ਅੱਜ ਦੇ ਦਿਨ 25 ਜੂਨ 1975 ਨੂੰ ਲਗਾਈ ਐਮਰਜੈਂਸੀ ਦੀ ਯਾਦ ਤਾਜ਼ਾ ਕਰਵਾ ਦਿੱਤੀ ! ਜਿਸ ਤਰ੍ਹਾਂ ਇੰਦਰਾ ਨੇ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ ਓਸੇ ਤਰ੍ਹਾਂ ਅੱਜ ਭਗਵੰਤ ਮਾਨ ਕਰ ਰਿਹਾ ਹੈ ਪਰ ਭਗਵੰਤ ਮਾਨ ਇਹ ਭੁੱਲ ਗਿਆ ਕਿ ਸਾਡਾ ਪਰਿਵਾਰ ਸਰਕਾਰਾਂ ਦੇ ਧੱਕੇ ਅੱਗੇ ਨਾ ਕਦੇ ਪਹਿਲਾਂ ਝੁਕਿਆ ਹੈ ਤੇ ਨਾ ਹੁਣ ਝੁਕੇਗਾ ਜਿਨ੍ਹਾਂ ਜ਼ੋਰ ਲਗਾ ਸਕਦਾ ਲਗਾ ਲੈ ਤੂੰ ਸੱਚ ਦੀ ਆਵਾਜ਼ ਨੂੰ ਦਬਾ ਨਹੀਂ ਸਕਦਾ !

ਹਰਸਿਮਰਤ ਬਾਦਲ ਨੇ ਕਿਹਾ ਕਿ ਤੇਰੇ ਅਤੇ ਤੇਰੀ ਸਰਕਾਰ ਦੇ ਕਾਲੇ ਕਾਰਨਾਮੇ ਇਸੇ ਤਰ੍ਹਾਂ ਜਨਤਾ ਦੀ ਕਚਹਿਰੀ 'ਚ ਰੱਖਦੇ ਰਹਾਂਗੇ ! ਯਾਦ ਰੱਖੀ 2027 ਤੋਂ ਬਾਅਦ ਤੈਨੂੰ ਦੇਸ਼ ਛੱਡ ਕੇ ਭੱਜਣ ਨਹੀਂ ਦੇਵਾਂਗੇ ਇੱਥੇ ਹੀ ਤੇਰੇ ਗੁਨਾਹਾਂ ਦਾ ਹਿਸਾਬ ਹੋਵੇਗਾ