ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਸਿਹਤ ਵਿਭਾਗ ਦੇ ਮੰਤਰੀ ਵਿਜੇ ਸਿੰਗਲਾ (Health Minister Vijay Singla) ਨੂੰ ਇੱਕ ਠੇਕੇ ਵਿੱਚ ਕਮਿਸ਼ਨ ਮੰਗਣ ਦੇ ਦੋਸ਼ ਵਿੱਚ ਬਰਖਾਸਤ ਕਰ ਦਿੱਤਾ ਹੈ। ਇਸ ਮਗਰੋਂ ਪੰਜਾਬ ਪੁਲਿਸ ਨੇ ਵਿਜੇ ਸਿੰਗਲਾ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਚਰਚਾ ਹੈ ਕਿ ਵਿਜੇ ਸਿੰਗਲਾ ਆਖਰ ਕਿਵੇਂ ਅੜਿੱਕੇ ਆਇਆ ? ਖਾਸ ਗੱਲ ਹੈ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਨਾਅਰਾ ਦੇਣ ਵਾਲੇ ਸੀਐਮ ਭਗਵੰਤ ਮਾਨ ਨੇ ਖੁਦ ਸਟਿੰਗ ਆਪ੍ਰੇਸ਼ਨ ਕਰਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਸਪਸ਼ਟ ਕਰ ਦਿੱਤਾ ਹੈ ਕਿ ਚਾਹੇ ਕੋਈ ਵੀ ਹੋਏ, ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਹੋਏਗਾ।


ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ


ਕਰੀਬ 10 ਦਿਨ ਪਹਿਲਾਂ ਇੱਕ ਅਧਿਕਾਰੀ ਨੇ ਮੁੱਖ ਮੰਤਰੀ ਦਫ਼ਤਰ ਵਿੱਚ ਵਿਜੇ ਸਿੰਗਲਾ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਦਿੱਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਅਧਿਕਾਰੀ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਉਨ੍ਹਾਂ ਦੇ ਨਾਲ ਹਨ ਤੇ ਉਨ੍ਹਾਂ ਨੂੰ ਕਿਸੇ ਵੀ ਮੰਤਰੀ ਤੋਂ ਡਰਨ ਦੀ ਲੋੜ ਨਹੀਂ, ਭ੍ਰਿਸ਼ਟਾਚਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਸ ਮਗਰੋਂ ਸੀਐਮ ਭਗਵੰਤ ਮਾਨ ਨੇ ਖੁਦ ਅਫ਼ਸਰ ਦੀ ਮਦਦ ਨਾਲ ਇੱਕ ਸਟਿੰਗ ਆਪ੍ਰੇਸ਼ਨ ਕਰਵਾਇਆ, ਜਿਸ 'ਚ ਸਪੱਸ਼ਟ ਹੋ ਗਿਆ ਕਿ ਸਿਹਤ ਵਿਭਾਗ ਮੰਤਰੀ ਵਿਜੇ ਸਿੰਗਲਾ ਤੇ ਉਨ੍ਹਾਂ ਦੀ ਖਾਸ ਪਛਾਣ ਵਾਲੇ ਇੱਕ ਫੀਸਦੀ ਕਮਿਸ਼ਨ ਦੀ ਮੰਗ ਕਰ ਰਹੇ ਹਨ।

ਇਸ ਦੀ ਰਿਕਾਰਡਿੰਗ ਤੇ ਸਾਰੇ ਸਬੂਤ ਮਿਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਾਰਵਾਈ ਕੀਤੀ ਹੈ ਤੇ ਨਾਲ ਹੀ ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਸਾਫ਼ ਕਹਿ ਦਿੱਤਾ ਕਿ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿਰਫ਼ ਦਸ ਦਿਨਾਂ ਵਿੱਚ ਕਾਰਵਾਈ ਕਰਕੇ ਸਪੱਸ਼ਟ ਸੁਨੇਹਾ ਦਿੱਤਾ ਹੈ, ਇਹ ਅਫ਼ਸਰਾਂ ਲਈ ਕਿਸੇ ਪ੍ਰੇਰਨਾ ਤੋਂ ਘੱਟ ਨਹੀਂ ਹੈ, ਪੰਜਾਬ ਵਿੱਚ ਅਜਿਹੀ ਕਾਰਵਾਈ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ।


 

ਉਨ੍ਹਾਂ ਕਿਹਾ ਕਿ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ, ਉਸ ਉਮੀਦ 'ਤੇ ਖਰਾ ਉਤਰਨਾ ਸਾਡਾ ਫਰਜ਼ ਹੈ। ਸਾਲ 2015 ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਆਪਣੇ ਇੱਕ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਸੀ, ਅੱਜ ਦੇਸ਼ ਵਿੱਚ ਅਜਿਹਾ ਦੂਜੀ ਵਾਰ ਹੋ ਰਿਹਾ ਹੈ।