Vikram Brar deportation from UAE - ਸਲਮਾਨ ਖ਼ਾਨ ਨੂੰ ਧਮਕੀਆਂ ਦੇਣ ਅਤੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ NIA ਨੂੰ ਇੱਕ ਵੱਡੀ ਸਫ਼ਲਤਾ ਮਿਲੀ ਹੈ। NIA ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਇੱਕ ਸਾਥੀ ਨੂੰ UAE ਤੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਵਿਦੇਸ਼ 'ਚ ਬੈਠਾ ਗੈਂਗਸਟਰ ਵਿਕਰਮਜੀਤ ਸਿੰਘ ਉਰਫ਼ ਵਿਕਰਮ ਬਰਾੜ ਹੁਣ NIA ਦੇ ਹੱਥ ਲੱਗ ਗਿਆ ਹੈ। NIA ਹੁਣ ਵਿਕਰਮ ਬਰਾੜ ਨੂੰ ਦੁਬਾਈ ਤੋਂ ਭਾਰਤ ਲਿਆ ਰਹੀ ਹੈ। 


ਵਿਕਰਮ ਬਰਾੜ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਅਤੇ ਜਬਰੀ ਵਸੂਲੀ ਦੇ ਮਾਮਲਿਆਂ ਵਿੱਚ ਸ਼ਾਮਲ ਹੈ ਅਤੇ ਵੱਖ ਵੱਖ ਸੂਬਿਆਂ ਦੀ ਪੁਲਿਸ ਨੂੰ ਲੋੜਿੰਦਾ ਸੀ। ਗੈਂਗਸਟਰ ਵਿਕਰਮਜੀਤ ਸਿੰਘ ਉਰਫ਼ ਵਿਕਰਮ ਬਰਾੜ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪੀਲੀਬੰਗਾ ਕਸਬੇ ਨੇੜੇ ਡਿੰਗਾ ਪਿੰਡ ਦਾ ਰਹਿਣ ਵਾਲਾ ਹੈ।


ਵਿਕਰਮ ਬਰਾੜ ਭਾਰਤ ਵਿੱਚ ਕੁੱਲ 11 ਮਾਮਲਿਆਂ ਵਿੱਚ ਲੋੜੀਂਦਾ ਸੀ। NIA ਨੇ ਕਿਹਾ ਕਿ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਸਮੇਤ ਵੱਖ-ਵੱਖ ਰਾਜਾਂ ਦੀ ਪੁਲਿਸ ਦੀ ਸ਼ਿਕਾਇਤ 'ਤੇ ਬਰਾੜ ਵਿਰੁੱਧ 11 ਲੁੱਕ ਆਊਟ ਨੋਟਿਸ ਜਾਰੀ ਕੀਤੇ ਗਏ ਸਨ। NIA ਸਪੈਸ਼ਲ ਕੋਰਟ ਦਿੱਲੀ ਵੱਲੋਂ ਬਰਾੜ ਖਿਲਾਫ਼ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। NIA ਦੀ ਜਾਂਚ ਮੁਤਾਬਕ ਵਿਕਰਮ ਬਰਾੜ ਨੇ ਸਿੱਧ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਵਿੱਚ ਗੋਲਡੀ ਬਰਾੜ ਦੀ ਮਦਦ ਕੀਤੀ ਸੀ।




ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀ ਦੇਣ ਦੇ ਮਾਮਲੇ 'ਚ ਲਾਰੇਂਸ ਦੇ ਖਾਸ ਵਿਕਰਮ ਬਰਾੜ ਦਾ ਨਾਂ ਵੀ ਸਾਹਮਣੇ ਆਇਆ ਸੀ। ਦੱਸਿਆ ਜਾ ਰਿਹਾ ਸੀ ਕਿ ਵਿਕਰਮ ਬਰਾੜ ਦੁਬਈ 'ਚ ਬੈਠ ਕੇ ਗੈਂਗਸਟਰ ਲਾਰੇਂਸ ਦਾ ਗੈਂਗ ਚਲਾ ਰਿਹਾ ਸੀ। ਹੁਣ ਉਸ ਨੂੰ ਗ੍ਰਿਫ਼ਤਾਰ ਕਰਕੇ ਭਾਰਤ ਲਿਆਂਦਾ ਜਾ ਰਿਹਾ ਹੈ। NIA ਨੇ ਬਰਾੜ ਨੂੰ ਅੱਤਵਾਦੀ ਮੰਨਿਆ ਹੈ ਅਤੇ ਉਸ ਦੇ ਖਿਲਾਫ UAPA ਤਹਿਤ ਅੱਤਵਾਦੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।


NIA ਮੁਤਾਬਕ ਵਿਕਰਮ ਬਰਾੜ ਰਾਜਸਥਾਨ ਦੇ ਬਦਨਾਮ ਗੈਂਗਸਟਰ ਆਨੰਦਪਾਲ ਸਿੰਘ ਦਾ ਵੀ ਕਰੀਬੀ ਰਿਹਾ ਹੈ। ਹਨੂੰਮਾਨਗੜ੍ਹ ਦੇ ਐਸਪੀ ਅਜੇ ਸਿੰਘ ਨੇ ਦੱਸਿਆ ਕਿ ਬਰਾੜ ਦਾ ਸਰਗਰਮ ਇਲਾਕਾ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਹੈ। ਉਸ ਵਿਰੁੱਧ ਦੇਸ਼ ਭਰ ਵਿਚ ਕੇਸ ਦਰਜ ਹਨ। ਮਹਾਰਾਸ਼ਟਰ, ਪੰਜਾਬ, ਦਿੱਲੀ, ਰਾਜਸਥਾਨ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਉਸ ਦੀ ਭਾਲ ਕਰ ਰਹੀ ਹੈ।




 


Join Our Official Telegram Channel : - 
https://t.me/abpsanjhaofficial