Punjab News: ਸਮਰਾਟ ਜਾਦੂਗਰ ਬਾਰਿਆਂ ਤਾਂ ਸਾਰਿਆਂ ਨੇ ਹੀ ਸੁਣਿਆ ਜੋ ਕੁਝ ਚੀਜ਼ਾ ਗ਼ਾਇਬ ਕਰ ਦਿੰਦਾ ਸੀ ਜਾਂ ਫਿਰ ਟੋਪੀ ਵਿੱਚੋਂ ਕਬੂਤਰ ਕੱਢ ਦਿੰਦਾ ਸੀ ਪਰ ਅੱਜ ਅਸੀਂ ਤੁਹਾਨੂੰ ਅਜਿਹੇ ਜਾਦੂਗਰਾਂ ਬਾਰੇ ਦੱਸਾਂਗੇ ਜਿਨ੍ਹਾਂ ਨੇ ਇੱਕ ਜਾਅਲੀ ਪਿੰਡ ਹੀ ਬਣਾ ਦਿੱਤਾ ਤੇ ਇਸ ਪਿੰਡ ਵਿੱਚ ਵੱਖ-ਵੱਖ ਪ੍ਰੋਜੈਕਟਾਂ ਲਈ 43 ਲੱਖ ਰੁਪਏ ਵੀ ਜਾਰੀ ਕੀਤੀ ਪਰ ਇਸ ਪਿੰਡ ਨੂੰ ਤਾਂ ਨਾਸਾ ਵਾਲੇ ਵੀ ਨਹੀਂ ਲੱਭ ਸਕਦੇ। ਦਰਅਸਲ, "ਸ਼ਾਨਦਾਰ ਵਿਕਾਸ" ਦੀ ਇਹ ਕਹਾਣੀ ਉਦੋਂ ਸਾਹਮਣੇ ਆਈ ਗਈ ਜਦੋਂ ਇੱਕ ਆਰਟੀਆਈ ਕਾਰਕੁਨ ਤੇ ਬਲਾਕ ਸੰਮਤੀ ਮੈਂਬਰ ਗੁਰਦੇਵ ਸਿੰਘ ਨੇ ਪਿੰਡਾਂ ਨੂੰ ਜਾਰੀ ਕੀਤੀਆਂ ਗ੍ਰਾਂਟਾਂ ਵਿੱਚ ਕੁਝ ਅੰਤਰ ਪਾਏ।
ਸਰਕਾਰ ਨੂੰ ਲੁੱਟਣ ਦੀ ਬਣਾਈ ਸਕੀਮ
ਜਾਣਕਾਰੀ ਮੁਤਾਬਕ, ਕੁਝ ਸਰਕਾਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਮਿਲ ਕੇ ਸਰਕਾਰ ਦਾ ਪੈਸਾ ਹੜਪਣ ਲਈ ਫਿਰੋਜ਼ਪੁਰ ਦੇ ਸਰਹੱਦ ਦੇ ਨਾਲ ਲੱਗਦੇ ਇੱਕ ਪਿੰਡ ਨਵੀਂ ਗੱਟੀ ਰਾਜੋ ਕੇ ਦੇ ਨਾਮ 'ਤੇ ਹੀ ਇੱਕ ਜਾਅਲੀ ਪਿੰਡ ਹੋਰ ਨਿਊ ਗੱਟੀ ਰਾਜੋ ਕੇ ਕਾਗਜ਼ਾਂ ਵਿੱਚ ਉਸਾਰ ਦਿੱਤਾ ਤੇ ਫਿਰ ਇਸ ਕਾਗਜ਼ਾਂ ਵਿੱਚ ਉਸਾਰੇ ਪਿੰਡ ਦੀ ਨੁਹਾਰ ਬਦਲਣ ਦੇ ਲਈ ਉਸ ਦੇ ਵਿਕਾਸ ਕਾਰਜਾਂ ਨੂੰ ਕਾਗ਼ਜ਼ਾਂ ਵਿੱਚ ਸ਼ੁਰੂ ਕਰ ਦਿੱਤਾ ਤੇ ਕੇਂਦਰ ਸਰਕਾਰ ਵੱਲੋਂ ਆਈ 43 ਲੱਖ ਦੀ ਗਰਾਂਟ ਹੜੱਪ ਕੇ ਡਕਾਰ ਵੀ ਨਹੀਂ ਮਾਰਿਆ।
ਖ਼ੁਲਾਸਾ ਕਰਨ ਵਾਲੇ ਨੂੰ ਮਿਲੀਆਂ ਧਮਕੀਆਂ
ਇਹ ਮਾਮਲਾ ਅੱਜ ਤੋਂ ਕਰੀਬ ਪੰਜ ਸਾਲ ਪਹਿਲਾਂ ਦਾ ਹੈ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਇੱਕ ਵਿਅਕਤੀ ਨੂੰ ਇਸ ਗਬਨ ਬਾਰੇ ਭਿਣਕ ਲੱਗੀ ਤੇ ਉਸ ਨੇ 2019 ਵਿੱਚ ਹੀ ਆਰਟੀਆਈ ਪਾਕੇ ਸੰਬੰਧਤ ਵਿਭਾਗ ਕੋਲੋਂ ਜਾਣਕਾਰੀ ਮੰਗੀ ਪਰ ਉਸਨੂੰ ਜਾਣਕਾਰੀ ਦੀ ਜਗ੍ਹਾ ਧਮਕੀਆਂ ਮਿਲਦੀਆਂ ਰਹੀਆਂ ਪਰ ਇਸ ਅੜੀਅਲ ਸੁਭਾਅ ਦੇ ਵਿਅਕਤੀ ਨੇ ਇਸ ਗ਼ਬਨ ਦਾ ਪਰਦਾਫਾਸ਼ ਕਰਨ ਦਾ ਖਹਿੜਾ ਨਾ ਛੱਡਿਆ, ਹੁਣ ਜਦੋਂ ਇਨੇ ਸਾਲ ਬੀਤ ਜਾਣ ਤੋਂ ਬਾਅਦ ਉਸ ਨੂੰ ਆਰਟੀਆਈ ਰਾਹੀ ਜਾਣਕਾਰੀ ਮਿਲੀ ਤਾਂ ਇਹ ਨਿਕਲ ਕੇ ਸਾਹਮਣੇ ਆਇਆ ਕਿ ਉਦੋਂ ਦੇ ਵੱਡੇ ਅਧਿਕਾਰੀ ਤੇ ਦਫਤਰ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਕਾਗ਼ਜ਼ਾਂ ਵਿੱਚ ਨਵੇਂ ਪਿੰਡ ਦੀ ਉਸਾਰੀ ਕਰਕੇ ਤੇ ਕਾਗਜ਼ਾਂ ਵਿੱਚ ਹੀ ਪਿੰਡ ਦਾ ਵਿਕਾਸ ਕਰਦੇ ਰਹੇ।
ਕਿਵੇਂ ਕੀਤਾ ਰਾਜ਼ ਦਾ ਪਰਦਾਫਾਸ਼
ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਆਈ ਕਰੀਬ 43 ਲੱਖ ਰੁਪਏ ਦੀ ਗਰਾਂਟ ਹੜੱਪ ਗਏ ਇਸ ਗ਼ਬਨ ਬਾਰੇ ਜਾਣਕਾਰੀ ਦਿੰਦੇ ਹੋਏ ਬਲਾਕ ਸਮਿਤੀ ਮੈਂਬਰ ਗੁਰਦੇਵ ਸਿੰਘ ਨੇ ਦੱਸਿਆ ਕਿ ਅਧਿਕਾਰੀਆਂ ਨੇ ਲੱਖਾਂ ਦੀ ਠੱਗੀ ਮਾਰਨ ਲਈ ਇੱਕ ਜਾਅਲੀ ਪਿੰਡ ਬਣਾ ਦਿੱਤਾ ਤੇ ਉਸਦੇ ਉਪਰ ਵਿਕਾਸ ਦੇ ਨਾਂਅ ਉੱਤੇ ਲੱਖਾਂ ਦੀ ਗਰਾਂਟ ਖਾ ਕੇ ਕਾਗਜ਼ਾਂ ਨੂੰ ਦਫ਼ਤਰ ਦੀਆ ਫਾਇਲਾਂ ਥੱਲੇ ਦਬ ਦਿੱਤਾ ਸੀ ਪਰ ਸਾਲਾਂ ਬੀਤ ਜਾਣ ਮਗਰੋਂ ਉਸ ਨੇ ਇਨ੍ਹਾਂ ਅਧਿਕਾਰੀਆਂ ਦਾ ਪਿੱਛਾ ਨਾ ਛੱਡਿਆ ਤੇ ਸੱਚ ਕੱਢ ਕੇ ਸਭ ਦੇ ਸਾਹਮਣੇ ਰੱਖ ਦਿੱਤਾ ਹੈ।
ਸਰਕਾਰੀ ਅਧਿਕਾਰੀਆਂ ਨੇ ਕੀ ਕਿਹਾ ?
ਇਸ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਏਡੀਸੀ ਡਿਵੈਲਪਮੈਂਟ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਜਿਹੜੇ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਠੱਗੀ ਵਿੱਚ ਸ਼ਾਮਿਲ ਹੋਣਗੇ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਏਗੀ ਉੱਥੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਵਿੱਚ ਨਵੀਂ ਗੱਟੀ ਰਾਜੋ ਕੇ ਪਿੰਡ ਤਾਂ ਜਰੂਰ ਹੈਗਾ ਹੈ ਪਰ ਨਿਊ ਗੱਟੀ ਦੇ ਨਾਮ ਦਾ ਕੋਈ ਪਿੰਡ ਨਹੀਂ ਤੇ ਨਾ ਹੀ ਉਸ ਸਮੇਂ ਇਸ ਪਿੰਡ ਵਿੱਚ ਕਿਸੇ ਤਰ੍ਹਾਂ ਦਾ ਵਿਕਾਸ ਕੋਈ ਵਿਕਾਸ ਕਾਰਜ ਹੋਇਆ ਹੈ