Punjab News: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਰਾਜ ਸਭਾ ’ਚ ਆਪਣੇ ਸੰਬੋਧਨ ਦੌਰਾਨ ਕਿਹਾ ਸੀ ਭਿੰਡਰਾਂਵਾਲਾ ਬਣਨ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਹੁਣ ਅਸਾਮ ਦੀ ਜੇਲ੍ਹ ’ਚ ਬੈਠਾ ਹੈ ਜਿਸ ਤੋਂ ਬਾਅਦ ਇਸ ਬਿਆਨ ਦਾ ਪੰਜਾਬ ਵਿੱਚ ਕਾਫੀ ਵਿਰੋਧ ਹੋ ਰਿਹਾ ਹੈ। ਹੁਣ ਇਸ ਨੂੰ ਲੈ ਕੇ ਸੰਤ ਭਿੰਡਰਾਂਵਾਲਿਆ ਦੇ ਸਾਥੀ ਰਹੇ ਵਿਰਸਾ ਸਿੰਘ ਵਲਟੋਹਾ ਨੇ ਤਿੱਖਾ ਸ਼ਬਦੀ ਵਾਰ ਕੀਤਾ ਹੈ।

ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅਮਿਤ ਸ਼ਾਹ ਜੀ ! ਜੰਮ ਜੰਮ ਕੇ ਸਿਆਸਤ ਕਰੋ। ਤੁਹਾਡੇ ਕੋਲ ਸੱਤਾ ਹੈ। ਤੁਸੀਂ ਕੁੱਝ ਵੀ ਕਹਿ ਸਕਦੇ ਹੋ ਤੇ ਕੁੱਝ ਵੀ ਕਰ ਸਕਦੇ ਹੋ ਪਰ ਹੰਕਾਰ ਬਹੁਤ ਮਾੜਾ ਹੁੰਦਾ ਹੈ। ਸੰਤ ਭਿੰਡਰਾਂਵਾਲੇ ਸਿੱਖਾਂ ਲਈ ਇੱਕ ਮਹਾਨ ਸਖਸ਼ੀਅਤ ਹਨ। ਹਰ ਸਿੱਖ ਉਨਾਂ ਤੋਂ ਪ੍ਰੇਰਨਾ ਲੈਂਦਾ ਹੈ। ਸੰਤ ਭਿੰਡਰਾਂਵਾਲਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਕੌਮ ਦੇ ਮਹਾਨ ਸ਼ਹੀਦ ਤੇ ਵੀਹਵੀਂ ਸਦੀ ਦੇ ਮਹਾਨ ਸਿੱਖ ਦਾ ਦਰਜਾ ਮਿਲਿਆ ਹੋਇਆ ਹੈ।

ਵਲਟੋਹਾ ਨੇ ਕਿਹਾ ਕਿ ਹਰ ਇੱਕ ਨੂੰ ਆਪੋ ਆਪਣੀ ਕੌਮ ਦੀਆਂ ਮਹਾਨ ਸਖਸ਼ੀਅਤਾਂ 'ਤੇ ਮਾਣ ਹੋਣਾ ਚਾਹੀਦਾ ਹੈ। ਕਿਸੇ ਨੂੰ ਵੀ ਦੂਜਿਆਂ ਦੀਆਂ ਭਾਵਨਾਵਾਂ 'ਤੇ ਸੱਟ ਨਹੀਂ ਮਾਰਣੀ ਚਾਹੀਦੀ। ਹੋ ਸਕਦਾ 10-20 ਸਾਲ ਤੱਕ ਕਿਸੇ ਨੂੰ ਵੀ ਇਹ ਯਾਦ ਨਾਂ ਰਹੇ ਕਿ ਕਦੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਵੀ ਰਹੇ ਸਨ ਪਰ ਸੈਂਕੜੇ ਸਾਲਾਂ ਬਾਦ ਵੀ ਸੰਤ ਭਿੰਡਰਾਂਵਾਲਿਆਂ ਦੀਆਂ ਵਾਰਾਂ ਢਾਡੀ ਗਾਉਂਦੇ ਰਹਿਣਗੇ ਤੇ ਸੰਤ ਭਿੰਡਰਾਂਵਾਲਿਆਂ ਨੂੰ ਸਿੱਖ ਆਪਣੇ ਨਾਇਕ ਵਜੋਂ ਯਾਦ ਕਰਦੇ ਰਹਿਣਗੇ ਕਿਰਪਾ ਕਰਕੇ ਹਰ ਧਰਮ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰੋ।

ਬਾਬਾ ਬੰਤਾ ਸਿੰਘ ਨੇ ਵੀ ਕੀਤਾ ਵਿਰੋਧ

ਬਾਬਾ ਬੰਤਾ ਸਿੰਘ ਨੇ ਕਥਾ ਦੌਰਾਨ ਕਿਹਾ ਕਿ ਪਿਛਲੇ ਦਿਨੀਂ ਕੇਂਦਰ ਮੰਤਰੀ ਅਮਿਤ ਸ਼ਾਹ ਨੇ ਜੋ ਬਿਆਨ ਦਿੱਤਾ ਹੈ ਉਹ ਕਿਸੇ ਦੀ ਕੌਮ ਦੀ ਮੁਖਾਲਫਤ ਕਰਦਿਆਂ ਨਹੀਂ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਮਾੜੀ ਗੱਲ ਹੈ ਤੇ ਨਾ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰੀਸ ਕਰਨਾ ਮਾੜੀ ਗੱਲ ਹੈ। ਵੱਡੇ ਅਹੁਦੇ ਉੱਤੇ ਬੈਠ ਕੇ ਇਹੋ ਜਿਹੇ ਬਿਆਨ ਸੋਭਦੇ ਨਹੀਂ ਹਨ।ਬਾਬਾ ਬੰਤਾ ਸਿੰਘ ਨੇ ਕਿਹਾ ਕਿ ਇਹ ਸਾਡੇ ਨਾਇਕ ਹਨ ਤੇ ਤੁਸੀਂ ਇਨ੍ਹਾਂ ਨੂੰ ਖਲਨਾਇਕ ਨਾ ਕਹੋ, ਜੋ ਹਿੰਦੂਆਂ ਨੇ ਨਾਇਕ ਹਨ ਅਸੀਂ ਉਨ੍ਹਾਂ ਨੂੰ ਖਲਨਾਇਕ ਨਹੀਂ ਕਹਿੰਦੇ, ਪਰ ਸਾਡੇ ਨਾਇਕਾਂ ਨੂੰ ਨੀਵਾਂ ਦਿਖਾਉਣਾ ਬੰਦ ਕਰ ਦਿਓ। ਇਹੋ ਜਿਹੇ ਬਿਆਨ 2027 ਵਿੱਚ ਹਿੰਦੂ ਵੀਰਾਂ ਦੀਆਂ ਵੋਟਾਂ ਤਾਂ ਦਵਾ ਸਕਦੇ ਹਨ ਪਰ ਇਸ ਨਾਲ ਭਾਈਚਾਰਕ ਸਾਂਝ ਨਹੀਂ ਰਹੇਗੀ।

ਕਿੱਥੋਂ ਸ਼ੁਰੂ ਹੋਇਆ ਪੂਰਾ ਵਿਵਾਦ ?

ਜ਼ਿਕਰ ਕਰ ਦਈਏ ਕਿ  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਸੰਬੋਧਨ ਕਰਦਿਆਂ ਕਿਹਾ ਸੀ ਕਿ  ਪੰਜਾਬ ਵਿੱਚ ਵੀ ਕੁਝ ਲੋਕ ਭਿੰਡਰਵਾਲਾ ਬਣਨਾ ਚਾਹੁੰਦੇ ਸੀ ਪਰ ਸਰਕਾਰ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਤੇ ਅੱਜ ਉਹ ਅਸਾਮ ਦੀ ਜੇਲ੍ਹ 'ਚ ਬੰਦ ਹਨ ਭਾਵੇਂ ਕਿ ਉੱਥੇ ਸਾਡੀ ਸਰਕਾਰ ਨਹੀਂ ਹੈ, ਪਰ ਇਹ ਗ੍ਰਹਿ ਮੰਤਰਾਲੇ ਦਾ ਹੀ ਦ੍ਰਿੜ ਇਰਾਦਾ ਸੀ ਕਿ ਉਹ ਇਸ ਸਮੇਂ ਸਲਾਖਾਂ ਪਿੱਛੇ ਹਨ ਤੇ ਅਸਾਮ ਜੇਲ੍ਹ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਹੇ ਹਨ।