Punjab Politics: ਸ਼੍ਰੋਮਣੀ ਅਕਾਲੀ ਦਲ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਉੱਤੇ ਲਾਇਵ ਹੋ ਕੇ ਆਪਣਾ ਏਜੰਡਾ ਦੱਸਿਆ ਤੇ ਸੋਸ਼ਲ ਮੀਡੀਆ ਤੇ ਹਲਕੇ ਵਿੱਚ ਪੰਥਕ ਉਮੀਦਵਾਰ ਨੂੰ ਲੈ ਕੇ ਛਿੜੀ ਚਰਚਾ ਬਾਬਤ ਉਨ੍ਹਾਂ ਕਿਹਾ ਜਿਸ ਤਰ੍ਹਾਂ ਦਾ ਮਾਹੌਲ ਖਡੂਰ ਸਾਹਿਬ ਹਲਕੇ ਵਿੱਚ ਮਾਹੌਲ ਸਿਰਜਿਆ ਗਿਆ ਸੀ ਉਸ ਤੋਂ ਬਾਅਦ ਮੇਰੀ ਵੀ ਮਜ਼ਬੂਰੀ ਬਣ ਗਈ ਸੀ ਕਿ ਮੈਂ ਵੀ ਜਵਾਬ ਤੇ ਜਵਾਬ ਲਵਾ।


ਵਲਟੋਹਾ ਨੇ ਕਿਹਾ ਕਿ ਮੈਂ ਹਮੇਸ਼ਾ ਹਾਂ ਪੱਖੀ ਰਾਜਨੀਤੀ ਕੀਤੀ ਹੈ। ਮੈਂ ਆਪਣੀ ਵਿੱਤ ਤੋਂ ਵਧਦੇ ਲੋਕਾਂ ਦੀ ਸੇਵਾ ਵਿੱਚ ਆਪਣਾ ਰੋਲ ਨਿਭਾਇਆ ਹੈ ਪਰ ਹੁਣ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੈ ਮੈਂ ਉਸ ਤੋਂ ਜ਼ਿਆਦਾ ਖ਼ੁਸ਼ ਨਹੀਂ ਹਾਂ। ਹਾਲਾਂਕਿ ਇਸ ਮੌਕੇ ਵਲਟੋਹਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਮੇਰੇ ਲਈ ਮੁੱਖ ਮੁੱਦਾ ਹੈ। 



ਵਲਟੋਹਾ ਨੇ ਕਿਹਾ ਕਿ ਮੈਂ ਜ਼ਿੰਦਗੀ ਵਿੱਚ ਬਹੁਤ ਪੜਾਅ ਦੇਖੇ ਨੇ, ਅਸੀਂ ਪੰਜਾਬ ਵਿੱਚ ਉਹ ਦੌਰ ਵੀ ਦੇਖਿਆ ਗਿਆ ਜਦੋਂ ਸਾਡਾ ਸ਼ਿਕਾਰ ਖੇਡਿਆ ਗਿਆ ਜਿਸ ਦਾ ਪੂਰੇ ਪੰਜਾਬ ਨੂੰ ਨੁਕਸਾਨ ਹੋਇਆ। ਮੈਂ ਉਸ ਤਜ਼ਰਬੇ ਚੋਂ ਕਹਿਣਾ ਚਾਹੁਣਾ ਕਿ ਜੇ ਅਸੀਂ ਪੰਜਾਬ ਦੇ ਵਾਰਿਸ ਹਾਂ, ਜੇ ਅਸੀਂ ਪੰਜਾਬ ਦਾ ਭਲਾ ਚਾਹੁਣੇ ਹਾਂ ਤਾਂ ਪੰਜਾਬ ਵਿੱਚ ਸੁੱਖ ਸ਼ਾਂਤੀ ਜ਼ਰੂਰੀ ਹੈ। ਪੰਜਾਬ ਵਿੱਚ ਅਮਨ ਕਾਨੂੰਨ ਤੇ ਭਾਈਚਾਰਕ ਸਾਂਝ ਜ਼ਰੂਰੀ ਹੈ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਖ਼ੁਸ਼ਹਾਲ ਰਹੇ। ਮੇਰਾ ਅਸਲੀ ਏਜੰਡਾ ਇਹੀ ਹੈ।


ਮੈਂ ਕੁੜੱਤਣ ਵਾਲੀ ਰਾਜਨੀਤੀ 'ਚ ਵਿਸ਼ਵਾਸ਼ ਨਹੀਂ ਰੱਖਦਾ


ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਮੈਂ ਕੁੜੱਤਣ ਵਾਲੀ ਰਾਜਨੀਤੀ ਵਿੱਚ ਵਿਸਵਾਸ਼ ਨਹੀਂ ਰੱਖਦਾ, ਮੈਂ ਹਮੇਸ਼ਾਂ ਹਾਂ ਪੱਖੀ ਰਾਜਨੀਤੀ ਕੀਤੀ ਹੈ। ਪੰਜਾਬ ਵਿੱਚ ਬੀਤੇ ਉਸ ਦੌਰ ਤੋਂ ਮੈਂ ਅਤੇ ਮੇਰੇ ਵਰਗਿਆਂ ਨੇ ਬਹੁਤ ਕੁੱਝ ਸਿੱਖਿਆ ਹੈ। ਪੰਜਾਬ ਦੀ ਤਰੱਕੀ ਤਦ ਹੀ ਹੋ ਸਕਦੀ ਹੈ ਜੇ ਏਥੇ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ ਤੇ ਸੁੱਖ ਸ਼ਾਂਤੀ ਦਾ ਮਾਹੌਲ ਹੋਵੇਗਾ। ਵਲਟੋਹਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੂੰਹ ਪੰਜਾਬੀਆਂ ਨੂੰ ਧਰਮ,ਜਾਤ ਤੇ ਵਰਗ ਵਿਸੇਸ਼ ਤੋਂ ਉੱਪਰ ਉੱਠਕੇ ਅਵਾਜ ਬੁਲੰਦ ਕਰਨ ਤੇ ਇੱਕਜੁੱਟਤਾ ਵਾਲੇ ਯਤਨ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਰੋਲ ਨਿਭਾਉਣਾ ਚਾਹੀਦਾ ਹੈ।