Punjab News - ਚਨਾਲੋਂ ਦੀ ਇੱਕ ਕੈਮੀਕਲ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਤਾਂ ਜੋ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਪੱਧਰ ਦੇ ਅਧਿਕਾਰੀ ਨੂੰ ਜਾਂਚ ਸੌਂਪੀ ਜਾਵੇਗੀ। ਘਟਨਾ ਵਾਲੀ ਥਾਂ ਦਾ ਦੌਰਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਮੌਕੇ ’ਤੇ ਚੱਲ ਰਹੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਕਰਮੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਰਸਾਇਣ ਹੋਣ ਕਾਰਨ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਵਿਚ ਜ਼ਿਆਦਾ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰ ਹੁਣ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਦੱਸਿਆ ਕਿ ਝੁਲਸਣ ਵਾਲੇ ਪੰਜ ਮਜ਼ਦੂਰਾਂ ਵਿੱਚੋਂ ਦੋ ਨੂੰ ਨਿਗਰਾਨੀ ਹੇਠ ਰੱਖ ਕੇ ਬੇਹਤਰ ਇਲਾਜ ਦਿੱਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਜੋ ਕਿ ਏ.ਡੀ.ਸੀ.(ਜੀ) ਵਿਰਾਜ ਸ਼ਿਆਮਕਰਨ ਤਿੜਕੇ ਅਤੇ ਐਸ.ਡੀ.ਐਮ ਖਰੜ ਰਵਿੰਦਰ ਸਿੰਘ ਨੂੰ ਅੱਗ ਤੇ ਕਾਬੂ ਪਾਉਣ ਲਈ ਚੱਲ ਰਹੇ ਬਚਾਅ ਕਾਰਜਾਂ ਦੀ ਨਿਗਰਾਨੀ ਲਈ ਤਾਇਨਾਤ ਕਰਨ ਬਾਅਦ ਖੁਦ ਵੀ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ 'ਤੇ ਪੁੱਜੇ, ਨੇ ਕਿਹਾ ਕਿ ਸਾਡੀ ਪਹਿਲੀ ਅਤੇ ਮੁੱਖ ਕੋਸ਼ਿਸ਼ ਅੱਗ 'ਤੇ ਕਾਬੂ ਪਾਉਣਾ ਅਤੇ ਜ਼ਖਮੀ ਮਜ਼ਦੂਰਾਂ ਦੀਆਂ ਕੀਮਤੀ ਜਾਨਾਂ ਬਚਾਉਣਾ ਸੀ। "ਅਸੀਂ ਬਾਅਦ ਵਿੱਚ ਬੇਨਿਯਮੀਆਂ ਬਾਰੇ ਇੱਕ ਵਿਸਤ੍ਰਿਤ ਰਿਪੋਰਟ ਪ੍ਰਾਪਤ ਕਰਾਂਗੇ ਅਤੇ ਭੋਲੇ ਭਲੇ ਅਤੇ ਗਰੀਬ ਮਜ਼ਦੂਰਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣ ਲਈ ਕਸੂਰਵਾਰ ਨੂੰ ਯਕੀਨੀ ਤੌਰ 'ਤੇ ਸਖ਼ਤ ਸਜ਼ਾ ਯਕੀਨੀ ਬਣਾਵਾਂਗੇ", ਉਨ੍ਹਾਂ ਅੱਗੇ ਕਿਹਾ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਬਾਅਦ ਵਿੱਚ ਫੇਜ਼ 6 ਦੇ ਜ਼ਿਲ੍ਹਾ ਹਸਪਤਾਲ ਵਿਖੇ ਦਾਖਲ ਇਸ ਘਟਨਾ ਵਿੱਚ ਝੁਲਸੇ ਮਜ਼ਦੂਰਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਇਲਾਜ ਸਬੰਧੀ ਖਰਚੇ ਲਈ ਪੰਜਾਬ ਸਰਕਾਰ ਵੱਲੋਂ ਉਚਿਤ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ। ਘਟਨਾ ਸਥਾਨ ਦਾ ਦੌਰਾ ਕਰਨ ਵਾਲੇ ਐਸ ਐਸ ਪੀ ਡਾ: ਸੰਦੀਪ ਗਰਗ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਘਟਨਾ ਚ ਝੁਲਸੀਆਂ ਮਹਿਲਾ ਮਜ਼ਦੂਰਾਂ ਦੇ ਵੇਰਵੇ ਨਸ਼ਰ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜ ਵਿੱਚੋਂ ਤਿੰਨ ਦਾ ਜ਼ਿਲ੍ਹਾ ਹਸਪਤਾਲ ਫੇਜ਼ 6, ਮੋਹਾਲੀ ਵਿੱਚ ਇਲਾਜ ਚੱਲ ਰਿਹਾ ਹੈ, ਜਦੋਂ ਕਿ ਦੋ ਹੋਰ ਮਹਿਲਾ ਮਰੀਜ਼ ਚੰਡੀਗੜ੍ਹ ਦੇ ਜੀ.ਐਮ.ਸੀ.ਐਚ ਵਿੱਚ ਹਨ, ਜਿਨ੍ਹਾਂ ਵਿੱਚੋਂ (ਅੰਜੂ) 70 ਫੀਸਦੀ ਝੁਲਸਣ ਦੇ ਜ਼ਖਮਾਂ ਦਾ ਇਲਾਜ ਕਰਵਾ ਰਹੀ ਹੈ ਜਦਕਿ ਦੂਜੀ (ਸੰਧਿਆ), 50 ਪ੍ਰਤੀਸ਼ਤ ਸੜਨ ਕਰਨ ਇਲਾਜ ਅਧੀਨ ਅਤੇ ਸਥਿਰ ਹੈ।
Punjab News : ਡਿਪਟੀ ਕਮਿਸ਼ਨਰ ਨੇ ਕੈਮੀਕਲ ਫੈਕਟਰੀ ਵਿੱਚ ਲੱਗੀ ਅੱਗ ਵਾਲੀ ਜਗ੍ਹਾ ਦਾ ਕੀਤਾ ਦੌਰਾ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ
ABP Sanjha | Prabhjot Kaur | 28 Sep 2023 06:54 AM (IST)
chemical factory - ਚਨਾਲੋਂ ਦੀ ਇੱਕ ਕੈਮੀਕਲ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ
Chemical Factory