Punjab News: ਪੰਜਾਬ ਦੇ ਸਾਬਕਾ ਉੱਪ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਉਦੈਵੀਰ ਰੰਧਾਵਾ ਦੀ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੇ ਨੌਜਵਾਨਾਂ ਨਾਲ ਲੜਾਈ ਦੀ ਖ਼ਬਰ ਸਾਹਮਣੇ ਆਈ ਸੀ। ਇਸ ਮੌਕੇ ਰੰਧਾਵਾ ਉੱਤੇ ਇਲਜ਼ਾਮ ਲੱਗੇ ਸੀ ਕਿ ਉਸ ਨੇ ਆਪਣੇ ਬੌਡੀਗਾਰਡਾਂ ਨਾਲ ਮਿਲ ਕੇ ਨੌਜਵਾਨ ਦੀ ਕੁੱਟਮਾਰ ਕੀਤੀ ਤੇ ਉਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਬਾਅਦ ਇਸ ਮਾਮਲੇ ਨੇ ਸਿਆਸੀ ਰੰਗਤ ਵੀ ਫੜ੍ਹੀ ਹੈ।


ਆਮ ਆਦਮੀ ਪਾਰਟੀ ਵੱਲੋਂ ਇਸ ਨੂੰ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਸੀ। ਹੁਣ ਇਸ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇੱਕ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਉਦੈਵੀਰ ਰੰਧਾਵਾ ਦੀ ਪਿੱਠ ਥਾਪੜਦੇ ਨਜ਼ਰ ਆ ਰਹੇ ਹਨ। ਰਾਜਾ ਵੜਿੰਗ ਨੇ ਲੋਕਾਂ ਦੇ ਮੁਖਾਤਬ ਹੁੰਦਿਆਂ, ਸੁਖਜਿੰਦਰ ਰੰਧਾਵਾ ਦੇ ਮੁੰਡੇ ਨੂੰ ਸਟੇਜ 'ਤੇ ਬੁਲਾਇਆ ਤੇ ਕਿਹਾ, ਆ ਤੈਨੂੰ ਸ਼ਾਬਾਸ਼ ਦੇਵਾਂ, ਇਹ 23 ਸਾਲਾਂ ਦਾ ਨੌਜਵਾਨ ਹੈ ਜੇ ਇਹ ਨਹੀਂ ਲੜੇਗਾ ਤਾਂ ਕੀ ਮੈਂ ਲੜਾਂਗਾ, ਪਰਵਾਹ ਨਾ ਕਰਿਆ ਕਰ, ਸੱਚੀ ਗੱਲ ਉੱਤੇ ਮਾੜਾ ਮੋਟਾ ਲੜ ਵੀ ਲਈ ਦਾ ਹੁੰਦਾ ਹੈ।



ਜ਼ਿਕਰ ਕਰ ਦਈਏ ਕਿ  ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨਰਵੀਰ ਸਿੰਘ ਗਿੱਲ ਦੀ ਸ਼ਿਕਾਇਤ ’ਤੇ ਉਦੈਵੀਰ ਰੰਧਾਵਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਵਿਦਿਆਰਥੀ ਨਰਵੀਰ ਗਿੱਲ ਨੇ ਇਲਜ਼ਾਮ ਲਾਇਆ ਹੈ ਕਿ ਉਦੈਵੀਰ ਰੰਧਾਵਾ ਨੇ ਕੁੱਟਮਾਰ ਕੀਤੀ ਹੈ। ਇਸ ਕਰਕੇ ਉਸ ਦੇ ਮੱਥੇ ’ਤੇ ਤਿੰਨ ਟਾਂਕੇ ਲੱਗੇ ਹਨ। ਇਸ ਦੇ ਨਾਲ ਹੀ ਉਦੈਵੀਰ ਰੰਧਾਵਾ ਨੇ ਵੀ ਨਰਵੀਰ ਗਿੱਲ 'ਤੇ ਹਮਲੇ ਦਾ ਪਰਚਾ ਦਰਜ ਕਰਵਾ ਦਿੱਤਾ ਹੈ। ਹੁਣ ਅਸਲੀਅਤ ਸਾਹਮਣੇ ਲਿਆਉਣ ਲਈ ਪੁਲਿਸ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਖੰਘਾਲ ਰਹੀ ਹੈ।


ਦਰਅਸਲ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤ ਉਦੈਵੀਰ ਸਿੰਘ ਰੰਧਾਵਾ ਤੇ ਵਿਦਿਆਰਥੀ ਨਰਵੀਰ ਗਿੱਲ ਨੇ ਇੱਕ-ਦੂਜੇ ’ਤੇ ਹਮਲੇ ਦੇ ਇਲਜ਼ਾਮ ਲਾਏ ਹਨ। ਪੁਲਿਸ ਮੁਤਾਬਕ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨਰਵੀਰ ਗਿੱਲ ਦੇ ਸਿਰ ਵਿੱਚ ਸੱਟ ਵਜੀ ਹੈ, ਜਿਸ ਕਰਕੇ ਉਸ ਦੇ ਮੱਥੇ ’ਤੇ ਤਿੰਨ ਟਾਂਕੇ ਲੱਗੇ ਹਨ। ਇਸ ਨੂੰ ਲੈ ਕੇ ਥਾਣਾ ਸੈਕਟਰ-17 ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।