Punjab News: ਪੰਜਾਬ ਦੇ ਕਿਸਾਨ ਇਸ ਵੇਲੇ ਕੇਂਦਰ ਤੇ ਸੂਬਾ ਸਰਕਾਰ ਤੋਂ ਕਾਫ਼ੀ ਖਫ਼ਾ ਹਨ ਤੇ ਇਸ ਦੌਰਾਨ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਜਿਸ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਚਾਰ ਸਾਲਾਂ ਵਿੱਚ 8,191 ਮੀਟ੍ਰਿਕ ਟਨ (MT) ਅਨਾਜ ਖਰਾਬ ਹੋ ਗਿਆ ਹੈ। ਇਹ ਦੇਸ਼ ਵਿੱਚ ਅਨਾਜ ਦੇ ਖਰਾਬ ਹੋਣ ਦਾ ਸਭ ਤੋਂ ਵੱਧ ਅੰਕੜਾ ਹੈ।

ਚਿੰਤਾਜਨਕ ਗੱਲ ਇਹ ਹੈ ਕਿ ਸਾਲ 2022-23 ਵਿੱਚ ਲਗਭਗ 264 ਮੀਟ੍ਰਿਕ ਟਨ ਅਨਾਜ ਖਰਾਬ ਹੋਇਆ ਸੀ, ਪਰ ਅਗਲੇ ਵਿੱਤੀ ਸਾਲ 2023-24 ਵਿੱਚ ਇਹ ਅੰਕੜਾ ਲਗਭਗ 29 ਗੁਣਾ ਵਧ ਕੇ 7746 ਮੀਟ੍ਰਿਕ ਟਨ ਹੋ ਗਿਆ। ਇੱਕ ਅਜਿਹੇ ਦੇਸ਼ ਵਿੱਚ ਜਿੱਥੇ ਹਰ ਸਾਲ ਸੈਂਕੜੇ ਲੋਕ ਭੁੱਖਮਰੀ ਨਾਲ ਮਰਦੇ ਹਨ, ਅਜਿਹੇ ਅੰਕੜੇ ਹੈਰਾਨ ਕਰਨ ਵਾਲੇ ਹਨ। ਇਸ ਖਰਾਬ ਹੋਏ ਅਨਾਜ ਦੀ ਵਰਤੋਂ ਜਨਤਕ ਵੰਡ ਪ੍ਰਣਾਲੀ (ਪੀਡੀਸੀ) ਦੇ ਤਹਿਤ 16 ਲੱਖ ਲੋਕਾਂ ਨੂੰ ਭੋਜਨ ਦੇਣ ਲਈ ਕੀਤੀ ਜਾ ਸਕਦੀ ਸੀ। ਦੱਸ ਦਈਏ ਕਿ ਇਸ ਦਾ ਖ਼ੁਲਾਸਾ ਖੁਲਾਸਾ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦੀ ਰਿਪੋਰਟ ਵਿੱਚ ਹੋਇਆ ਹੈ। ਰਿਪੋਰਟ ਅਨੁਸਾਰ, ਹਰ ਸਾਲ ਖਰਾਬ ਹੋਏ ਅਨਾਜ ਦੀ ਮਾਤਰਾ ਵੱਧ ਰਹੀ ਹੈ, ਜੋ ਸਟੋਰੇਜ ਪ੍ਰਬੰਧਨ 'ਤੇ ਸਵਾਲ ਖੜ੍ਹੇ ਕਰਦੀ ਹੈ।

ਕਿੱਥੇ ਹੋਈ ਸਭ ਤੋਂ ਵੱਧ ਬਰਬਾਦੀ ? 

ਰੋਪੜ ਡਿਪੂ ਵਿੱਚ ਸਭ ਤੋਂ ਜ਼ਿਆਦਾ ਚੌਲ ਤੇ ਕਣਕ ਖਰਾਬ ਹੋਈ ਹੈ। ਇੱਥੇ 1483 ਮੀਟ੍ਰਿਕ ਟਨ ਕਣਕ ਤੇ 1198 ਮੀਟ੍ਰਿਕ ਟਨ ਚੌਲ ਖਰਾਬ ਹੋ ਗਏ ਹਨ। ਇਸ ਤੋਂ ਬਾਅਦ, ਬਠਿੰਡਾ ਵਿੱਚ 1753 ਮੀਟ੍ਰਿਕ ਟਨ ਅਨਾਜ ਖਰਾਬ ਹੋ ਗਿਆ, ਜਿਸ ਵਿੱਚ 1704 ਮੀਟ੍ਰਿਕ ਟਨ ਕਣਕ ਅਤੇ 49.58 ਮੀਟ੍ਰਿਕ ਟਨ ਚੌਲ ਸ਼ਾਮਲ ਸਨ। ਇਸੇ ਤਰ੍ਹਾਂ ਸੰਗਰੂਰ ਵਿੱਚ 1326 ਮੀਟ੍ਰਿਕ ਟਨ ਕਣਕ ਅਤੇ ਮੋਰਿੰਡਾ ਵਿੱਚ 1130 ਮੀਟ੍ਰਿਕ ਟਨ ਕਣਕ ਦਾ ਨੁਕਸਾਨ ਹੋਇਆ, ਜਿਸ ਵਿੱਚ 18.07 ਮੀਟ੍ਰਿਕ ਟਨ ਕਣਕ ਅਤੇ 1112 ਮੀਟ੍ਰਿਕ ਟਨ ਚੌਲ ਸ਼ਾਮਲ ਸਨ। ਬਲਾਚੌਰ ਹੁਸ਼ਿਆਰਪੁਰ ਵਿੱਚ 303 ਮੀਟ੍ਰਿਕ ਟਨ, ਪਟਿਆਲਾ ਵਿੱਚ 87.3 ਮੀਟ੍ਰਿਕ ਟਨ, ਕੋਟਕਪੂਰਾ ਫਰੀਦਕੋਟ ਵਿੱਚ 270 ਮੀਟ੍ਰਿਕ ਟਨ, ਖਮਾਣੋਂ ਵਿੱਚ 70.45 ਮੀਟ੍ਰਿਕ ਟਨ, ਜਲੰਧਰ ਵਿੱਚ 35 ਮੀਟ੍ਰਿਕ ਟਨ, ਪਟਿਆਲਾ ਵਿੱਚ 54.85 ਮੀਟ੍ਰਿਕ ਟਨ, ਮੋਗਾ ਵਿੱਚ 3.195 ਮੀਟ੍ਰਿਕ ਟਨ ਤੇ 28.789 ਮੀਟ੍ਰਿਕ ਟਨ ਦਾ ਨੁਕਸਾਨ ਹੋਇਆ ਹੈ।

ਹਰ ਸਾਲ ਵਧ ਰਿਹਾ ਇਹ ਆਂਕੜਾ

ਜ਼ਿਕਰ ਕਰ ਦਈਏ ਕਿ ਸਾਲ 2019-20 ਵਿੱਚ 56 ਮੀਟ੍ਰਿਕ ਟਨ ਅਨਾਜ ਖਰਾਬ ਹੋ ਗਿਆ ਸੀ। ਸਾਲ 2020-21 ਵਿੱਚ ਇਹ ਘੱਟ ਕੇ 25 ਮੀਟ੍ਰਿਕ ਟਨ ਰਹਿ ਗਿਆ। ਸਾਲ 2021-22 ਵਿੱਚ, ਇਸ ਵਿੱਚ ਵਾਧਾ ਹੋਇਆ ਤੇ 100 ਮੀਟ੍ਰਿਕ ਟਨ ਅਨਾਜ ਖਰਾਬ ਹੋ ਗਿਆ। 2022-23 ਵਿੱਚ 264 ਮੀਟ੍ਰਿਕ ਟਨ ਅਨਾਜ ਖਰਾਬ ਹੋਇਆ ਸੀ ਤੇ ਫਿਰ ਇਹ ਅੰਕੜਾ 2023-24 ਵਿੱਚ ਕਈ ਗੁਣਾ ਵੱਧ ਕੇ 7746 ਮੀਟ੍ਰਿਕ ਟਨ ਹੋ ਗਿਆ।