Punjab News :  ਲਹਿਰਾਗਾਗਾ ਦੇ ਪਿੰਡ ਕੁਦਨੀ ਸਮਾਰਟ ਸਕੂਲ ਸਿਰਫ਼ ਕਹਿਣ ਦਾ ਹੀ ਹੈ। ਹਲਕਾ ਲਹਿਰਾ ਦੇ ਪਿੰਡ ਕੁਦਨੀ ਵਿਖੇ ਬਣੇ ਗੌਰਮਿੰਟ ਮਿਡਲ ਸਕੂਲ ਦਾ ਬਹੁਤ ਬੁਰਾ ਹਾਲ ਹੈ। ਜ਼ਿਕਰਯੋਗ ਹੈ ਕਿ ਅਸਲ 'ਚ ਇਨ੍ਹਾਂ ਸਕੂਲਾਂ ਦੇ ਕਮਰਿਆਂ ਵਿੱਚ ਬੱਚੇ ਬੈਠ ਕੇ ਪੜ੍ਹਾਈ ਵੀ ਨਹੀਂ ਕਰ ਸਕਦੇ। 

 

ਜਿੱਥੇ ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਕਮਰੇ ਪਾਣੀ ਨਾਲ ਭਰ ਜਾਂਦੇ ਹਨ।ਜਿਸ ਕਰਕੇ ਬੱਚੇ ਸਕੂਲ ਵੀ ਨਹੀਂ ਆਉਂਦੇ। ਜੇਕਰ ਆ ਜਾਂਦੇ ਹਨ ਤਾਂ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਵਾਪਸ ਘਰ ਲੈ ਜਾਂਦੇ ਹਨ। ਇਸ ਬਾਰੇ ਸਕੂਲ ਇੰਚਾਰਜ ਮਾਸਟਰ ਕ੍ਰਿਸ਼ਨ ਚੰਦ ਨੇ ਦੱਸਿਆ ਕਿ ਇਸ ਸਮਾਰਟ ਸਕੂਲ ਦੀ ਪਹਿਲਾਂ ਵਾਲੀ ਬਿਲਡਿੰਗ ਬਹੁਤ ਨੀਵੀਂ ਹੈ। ਥੋੜ੍ਹੀ ਜਿਹੀ ਬਾਰਸ਼ ਨਾਲ ਕਮਰਿਆਂ ਵਿਚ ਪਾਣੀ ਭਰ ਜਾਂਦਾ ਹੈ।

ਜਿਸਨੂੰ ਅਸੀਂ ਪੰਪ ਲਾ ਕੇ ਕੱਢਣ 'ਤੇ ਲੱਗੇ ਹੋਏ ਹਾਂ। ਇਸ ਤੋਂ ਇਲਾਵਾ ਰਸੋਈ ਵਿੱਚ ਵੀ ਪਾਣੀ ਭਰ ਚੁੱਕਿਆ ਹੈ। ਅਸੀਂ ਪ੍ਰਸ਼ਾਸਨ ਨੂੰ ਵੀ ਕਈ ਵਾਰ ਕਹਿ ਚੁੱਕੇ ਹਾਂ ਪ੍ਰੰਤੂ ਇਸ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ। ਇਹ ਔਕੜ ਸਾਨੂੰ ਬਰਸਾਤ ਸਮੇਂ ਹਰ ਵਾਰੀ ਆਉਂਦੀ ਹੈ। ਜਿਸ ਕਾਰਨ ਬੱਚੇ ਸਕੂਲ ਨਾ ਆਉਣ ਕਾਰਨ ਪੜ੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ। ਵਿਦਿਆਰਥੀ ਹਰਮਨਪ੍ਰੀਤ ਸਿੰਘ ਨੇ ਦੱਸਿਆ, ਕਿ ਥੋੜ੍ਹੇ ਜਿਹੀ ਬਾਰਸ਼ ਤੋਂ ਬਾਅਦ ਸਾਨੂੰ ਇਹ ਸਮੱਸਿਆ ਹਰ ਵਾਰ ਆਉਂਦੀ ਹੈ।

ਜਿਸ ਕਾਰਨ ਇਹ ਖੜ੍ਹਦਾ ਪਾਣੀ ਸਾਡੀ ਪੜ੍ਹਾਈ ਵਿਚ ਰੁਕਾਵਟ ਬਣਦਾ ਹੈ। ਹੁਣ ਉਪਰੋਕਤ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਹਲਕਾ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਤੋਂ ਮੰਗ ਕਰਦਿਆਂ ਕਿਹਾ ਹੈ ਕਿ ਸਕੂਲ ਦੀ ਨੀਵੀਂ ਬਿਲਡਿੰਗ ਨੂੰ ਦੁਬਾਰਾ ਤੋਂ ਬਣਾਇਆ ਜਾਵੇ।