Punjab News: ਪੰਜਾਬ ਵਿੱਚ ਬੀਤੇ ਦਿਨ ਪਏ ਮੀਂਹ ਨੇ ਗਰਮੀ ਤੋਂ ਤਾਂ ਬਸ਼ੱਕ ਰਾਹਤ ਦਿੱਤੀ ਹੈ ਤੇ ਕਿਸਾਨਾਂ ਨੂੰ ਵੀ ਇਸ ਦਾ ਫ਼ਾਇਦਾ ਹੋਇਆ ਹੈ ਪਰ ਇਸ ਨੇ ਸਰਕਾਰ ਦੇ ਦਾਅਵਿਆਂ ਦੀ ਮੁੜ ਤੋਂ ਪੋਲ ਖੋਲ੍ਹ ਦੇਣ ਦਾ ਕੰਮ ਜ਼ਰੂਰ ਕੀਤਾ ਹੈ। ਜੇ ਗੱਲ ਸ੍ਰੀ ਆਨੰਦਪੁਰ ਸਾਹਿਬ ਦੀ ਕੀਤੀ ਜਾਵੇ ਤਾਂ ਇੱਥੋਂ ਦੇ ਬਾਜ਼ਾਰ ਪਾਣੀ ਨਾਲ ਭਰ ਗਏ ਹਨ। ਇੱਥੋਂ ਤੱਕ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਜਾਣ ਵਾਲਾ ਲਾਂਘਾ ਵੀ ਬੁਰੀ ਤਰ੍ਹਾਂ ਨਾਲ ਪਾਣੀ ਵਿੱਚ ਡੁੱਬ ਗਿਆ।
ਮੀਂਹ ਦੇ ਪਾਣੀ ਦੇ ਨਾਲ-ਨਾਲ ਨਾਲ਼ਿਆਂ ਦੀ ਗੰਦਗੀ ਵੀ ਸੜਕਾਂ 'ਤੇ ਆਈ
ਸ੍ਰੀ ਆਨੰਦਪੁਰ ਸਾਹਿਬ ਵਿੱਚ ਬੀਤੀ ਰਾਤ ਪਏ ਭਾਰੀ ਮੀਂਹ ਤੋਂ ਬਾਅਦ ਜਿੱਥੇ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਦੁਕਾਨਦਾਰਾਂ, ਰੇਹੜੀ ਫੜੀਆਂ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਅੱਧਾ ਘੰਟਾ ਪਏ ਇਸ ਮੀਂਹ ਤੋਂ ਬਾਅਦ ਪੂਰੀ 'ਗੁਰੂ ਨਗਰੀ' ਵਿੱਚ ਪਾਣੀ ਹੀ ਪਾਣੀ ਖੜਾ ਹੋ ਗਿਆ ਜਿਸ ਤੋਂ ਬਾਅਦ ਸਥਾਨਕ ਲੋਕਾਂ ਤੇ ਬਾਹਰੋਂ ਆਈਆਂ ਸੰਗਤਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਹਰ ਵਾਰ ਦੀ ਤਰਾਂ ਇਸ ਵਾਰ ਵੀ ਨਾਲੇ ਓਵਰਫਲੋ ਹੋਣ ਕਾਰਨ ਪਾਣੀ ਦੇ ਨਾਲ ਨਾਲ ਸਾਰੀ ਗੰਦਗੀ ਵੀ ਸੜਕਾਂ ਤੇ ਆ ਗਈ।
ਜੇ ਵੇਲੇ ਸਿਰ ਸਫ਼ਾਈ ਕੀਤੀ ਹੁੰਦੀ ਤਾਂ ਇਹ ਹਲਾਤ ਨਾ ਹੁੰਦੇ
ਦੱਸ ਦਈਏ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ, ਵੇਰਕਾ ਚੌਕ, ਭਗਤ ਰਵਿਦਾਸ ਚੌਕ, ਕਲਗੀਧਰ ਮਾਰਕਿਟ ਵਿੱਚ ਡੇਢ-ਡੇਢ ਫੁੱਟ ਪਾਣੀ ਖੜਾ ਹੋ ਗਿਆ ਸੀ, ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਇਨ੍ਹਾਂ ਨਾਲਿਆਂ ਦੀ ਸਫਾਈ ਹੁੰਦੀ ਰਹੇ ਤਾਂ ਇਹ ਸਮੱਸਿਆ ਖਤਮ ਹੋ ਸਕਦੀ ਹੈ ਪਰ ਇਸ ਨੂੰ ਸੰਜੀਦਾ ਢੰਗ ਨਾਲ ਨਹੀਂ ਲਿਆ ਜਾ ਰਿਹਾ ਹੈ ਜਿਸ ਕਾਰਨ ਸਥਾਨਕ ਲੋਕਾਂ ਤੇ ਸੰਗਤ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।