Punjab Weather Today: ਦੇਸ਼ ਦੇ ਕਈ ਰਾਜਾਂ ਵਿੱਚ ਮੌਸਮ ਤੇਜ਼ੀ ਨਾਲ ਕਰਵਟ ਲੈ ਰਿਹਾ ਹੈ। ਇੱਕ ਪਾਸੇ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋ ਰਹੀ ਹੈ ਤੇ ਦੂਜੇ ਪਾਸੇ ਮੈਦਾਨੀ ਇਲਾਕਿਆਂ 'ਚ ਮੀਂਹ ਨੇ ਲੋਕਾਂ ਨੂੰ ਠੰਢਕ ਦਾ ਅਹਿਸਾਸ ਕਰਵਾਇਆ ਹੈ। ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਕਾਰਨ ਮੌਸਮ ਤੇਜ਼ੀ ਨਾਲ ਬਦਲਿਆ ਹੈ। ਇਸ ਕਾਰਨ ਪੰਜਾਬ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 30 ਨਵੰਬਰ ਤੱਕ ਪੰਜਾਬ ਵਿੱਚ ਬੱਦਲਵਾਈ, ਬੂੰਦਾ-ਬਾਂਦੀ ਤੇ ਹਲਕੀ ਬਾਰਸ਼ ਪੈਣ ਦੀ ਸੰਭਾਵਨਾ ਹੈ।   


ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਭਵਿੱਖਬਾਣੀ ਅਨੁਸਾਰ ਪੱਛਮੀ ਮਾਲਵੇ ਨੂੰ ਛੱਡ ਕੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਪੱਛਮੀ ਗੜਬੜੀ ਨਾਲ ਪ੍ਰਭਾਵਿਤ ਹੋਣਗੇ। ਘੱਟੋ-ਘੱਟ ਤਾਪਮਾਨ 'ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। ਵੱਧ ਤੋਂ ਵੱਧ ਤਾਪਮਾਨ 'ਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ। ਇਸ ਦੇ ਨਾਲ ਹੀ 1 ਦਸੰਬਰ ਤੋਂ ਮੌਸਮ ਖੁਸ਼ਕ ਰਹੇਗਾ। ਮੰਗਲਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹੇ।


ਚੰਡੀਗੜ੍ਹ ਨੇੜੇ ਵੀ ਕੁਝ ਥਾਵਾਂ 'ਤੇ ਹਲਕੀ ਬਾਰਸ਼ ਹੋਈ। ਹੁਸ਼ਿਆਰਪੁਰ, ਰੂਪਨਗਰ ਤੇ ਪਠਾਨਕੋਟ ਵਿੱਚ ਵੀ ਬੱਦਲਵਾਈ ਰਹੀ ਤੇ ਬਾਰਸ਼ ਹੋਈ। ਐਤਵਾਰ ਦੇਰ ਸ਼ਾਮ ਮੌਸਮ ਬਦਲਿਆ ਤੇ ਸੋਮਵਾਰ ਨੂੰ ਸਵੇਰ ਤੋਂ ਦੇਰ ਸ਼ਾਮ ਤੱਕ ਬੱਦਲ ਛਾਏ ਰਹੇ, ਹਾਲਾਂਕਿ ਮੀਂਹ ਨਹੀਂ ਪਿਆ। ਤੇਜ਼ ਹਵਾਵਾਂ ਨੇ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ। ਮੀਂਹ ਕਾਰਨ ਪੰਜਾਬ ਦੇ ਲੋਕਾਂ ਨੂੰ ਜ਼ਹਿਰੀਲੀ ਹਵਾ ਤੋਂ ਰਾਹਤ ਮਿਲੀ ਹੈ।


ਮਾਹਿਰਾਂ ਨੇ ਕਿਹਾ ਕਿ ਮੀਂਹ ਤੋਂ ਬਾਅਦ ਏਅਰ ਕੁਆਲਿਟੀ ਇੰਡੈਕਸ ਪੱਧਰ 'ਚ ਸੁਧਾਰ ਹੋਇਆ ਹੈ, ਕਿਉਂਕਿ ਇਹ ਹਵਾ 'ਚ ਮੌਜੂਦ ਧੂੜ ਦੇ ਬਾਰੀਕ ਕਣ ਸਾਫ ਹੋ ਰਹੇ ਹਨ। ਇਸ ਦੇ ਨਾਲ ਹੀ ਮੀਂਹ ਤੋਂ ਬਾਅਦ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਠੰਢ ਵਧ ਜਾਵੇਗੀ। ਪੰਜਾਬ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਪਰਾਲੀ ਸਾੜਨ ਕਾਰਨ ਅਸਮਾਨ ਵਿੱਚ ਧੂੰਏਂ ਨੇ ਘੇਰਾ ਪਾ ਲਿਆ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।