Chandigarh News: ਚੰਡੀਗੜ੍ਹ ਵਿੱਚ ਠੰਢ ਦਾ ਕਹਿਰ ਵਧੇਗਾ। ਮੌਸਮ ਵਿਗਿਆਨੀਆਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ, ਕੁਫ਼ਰੀ ਤੇ ਨਾਰਕੰਡਾ ਸਣੇ ਹੋਰਨਾਂ ਪਹਾੜੀ ਇਲਾਕਿਆਂ ਵਿੱਚ ਹੋਰ ਬਰਫ਼ ਪੈ ਸਕਦੀ ਹੈ, ਜਿਸ ਕਰਕੇ ਚੰਡੀਗੜ੍ਹ ਵਿੱਚ ਵੀ ਠੰਢ ਵਧ ਸਕਦੀ ਹੈ। ਮੌਸਮ ਵਿਭਾਗ ਵੱਲੋਂ 6 ਜਨਵਰੀ ਤੱਕ ਠੰਢ ਜਾਰੀ ਰਹਿਣ ਤੇ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੇ ਨਾਲ ਹੀ 3 ਜਨਵਰੀ ਲਈ ਔਰੈਂਜ ਅਲਰਟ ਤੇ 4 ਤੋਂ 6 ਜਨਵਰੀ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ।


ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਕਰਕੇ ਚੰਡੀਗੜ੍ਹ ਵਿੱਚ ਠੰਢ ਵਧ ਗਈ ਹੈ। ਅੱਜ ਵੀ ਸਿਟੀ ਬਿਊਟੀਫੁੱਲ ਵਿੱਚ ਧੁੰਦ ਪਸਰੀ ਹੋਈ ਹੈ। ਦਿਖਾਈ ਦੇਣ ਦੀ ਸਮਰੱਥਾ ਬਹੁਤ ਘੱਟ ਹੋਣ ਕਾਰਨ ਲੋਕਾਂ ਨੂੰ ਵਾਹਨ ਚਲਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 


ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਵਿੱਚ ਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਬਰਫ਼ ਪੈਣ ਨਾਲ ਚੱਲ ਰਹੀਆਂ ਹੱਡ-ਚੀਰਵੀਆਂ ਹਵਾਵਾਂ ਨੇ ਕੰਬਣੀ ਛੇੜ ਦਿੱਤੀ, ਜਿਸ ਨਾਲ ਚੰਡੀਗੜ੍ਹ ਵਿੱਚ ਪਾਰਾ ਆਮ ਨਾਲੋਂ 7 ਡਿਗਰੀ ਡਿੱਗ ਗਿਆ ਹੈ। 


ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ 14.2 ਡਿਗਰੀ ਸੈਲਸੀਅਸ ਦਰਜ ਕੀਤਾ ਕੀਤਾ ਹੈ, ਜੋ ਆਮ ਨਾਲੋਂ 7 ਡਿਗਰੀ ਘੱਟ ਸੀ ਤੇ ਘੱਟੋਂ-ਘੱਟ ਤਾਪਮਾਨ 6.5 ਡਿਗਰੀ ਦਰਜ ਕੀਤਾ ਗਿਆ ਹੈ, ਜੋ ਆਮ ਦੇ ਬਰਾਬਰ ਦਰਜ ਕੀਤਾ ਗਿਆ ਹੈ।


ਤਾਜ਼ਾ ਜਾਣਕਾਰੀ ਅਨੁਸਾਰ ਅਗਲੇ 5 ਦਿਨ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਅਗਲੇ 5 ਦਿਨ ਸੰਘਣੀ ਧੁੰਦ ਰਹਿਣ ਦੀ ਸੰਭਾਵਨਾ ਹੈ। ਉਤਰਾਖੰਡ ਵਿੱਚ ਅਗਲੇ 48 ਘੰਟਿਆਂ ਵਿੱਚ ਧੁੰਦ ਦਾ ਕਹਿਰ ਵੇਖਣ ਨੂੰ ਮਿਲ ਸਕਦਾ ਹੈ।


ਉੱਤਰੀ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ 3 ਤੋਂ 6 ਜਨਵਰੀ 2023 ਤੱਕ ਗੰਭੀਰ ਸੀਤ ਲਹਿਰ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਤੋਂ ਇਲਾਵਾ 3 ਅਤੇ 4 ਜਨਵਰੀ ਨੂੰ ਪੰਜਾਬ 'ਚ ਸੀਤ ਲਹਿਰ ਦੀ ਸੰਭਾਵਨਾ ਹੈ। ਕੜਾਕੇ ਦੀ ਸਰਦੀ ਦੇ ਮੱਦੇਨਜ਼ਰ ਕਈ ਰਾਜਾਂ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ, ਤਾਂ ਜੋ ਕੜਾਕੇ ਦੀ ਠੰਡ ਵਿੱਚ ਬੱਚੇ ਘਰਾਂ ਵਿੱਚ ਹੀ ਰਹਿਣ।