weather update: ਲੰਘੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਤੋਂ ਹਾਲ ਦੀ ਘੜੀ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਅੱਜ ਵੀ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਮੀਂਹ ਪੈਣ ਦੀ ਪੇਸ਼ਨਗੋਈ ਹੈ। ਲੰਘੀ ਰਾਤ ਤੋਂ ਹੀ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ ਅਤੇ ਤੜਕਸਾਰ ਕਈ ਇਲਾਕਿਆਂ ਵਿੱਚ ਚੋਖਾ ਮੀਂਹ ਪੈਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਪੰਜਾਬ ਸਮੇਤ ਚੰਡੀਗੜ੍ਹ ਹਰਿਆਣਾ, ਹਿਮਾਚਲ ਤੇ ਉੱਤਰਾਖੰਡ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।


ਕਿਵੇਂ ਰਹਿਣਗੇ ਅਗਲੇ ਦੋ ਦਿਨ


ਮੌਸਮ ਵਿਗਿਆਨੀਆਂ ਮੁਤਾਬਕ, ਅਗਲੇ ਦੋ ਦਿਨਾਂ ਤੱਕ ਇਸੇ ਤਰ੍ਹਾਂ ਦੇ ਮੌਸਮ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ | ਇਸ ਦੌਰਾਨ ਤੇਜ਼ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ, ਇਸ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ ਅਤੇ ਦਿਨ ਅਤੇ ਰਾਤ ਦਾ ਫਰਕ ਘੱਟ ਹੋਣ ਕਾਰਨ ਠੰਢ ਦਾ ਅਹਿਸਾਸ ਵੀ ਬਣਿਆ ਰਹੇਗਾ। ਅਗਲੇ 3 ਦਿਨਾਂ ਵਿੱਚ ਹਲਕੇ ਤੋਂ ਬੱਦਲਵਾਈ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਰਹੇਗੀ।


ਬੀਤੇ ਦਿਨਾਂ ਤੋਂ ਪੈ ਰਹੇ ਮੀਂਹ ਨੇ ਜਿੱਥੇ ਇੱਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਜ਼ਰੂਰ ਦਵਾਈ ਹੈ ਪਰ ਦੇਸ਼ ਦੇ ਅੰਨਦਾਤਾ ਕਹੇ ਜਾਣ ਵਾਲੇ ਕਿਸਾਨ ਤੇ ਬੁਰੀ ਮਾਰ ਪਾਈ ਹੈ। ਕਿਸਾਨਾਂ ਦੀ ਖੇਤਾਂ ਵਿੱਚ ਖੜੀ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਨਾਲ ਇਸ ਮੀਂਹ ਦੀ ਮਾਰ ਹੇਠ ਆਈ ਹੈ। ਕਿਸਾਨਾਂ ਦਾ ਹਜ਼ਾਰਾਂ ਏਕੜ ਰਕਬਾ ਮੀਂਹ ਦੀ ਮਾਰ ਕਾਰਨ ਬਰਬਾਦ ਹੋ ਗਿਆ  ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀਆਂ ਹਨ। 


ਇਸ ਤੋਂ ਇਲਾਵਾ ਮੀਂਹ ਨੇ ਮੁੜ ਤੋਂ ਸ਼ਰਕਾਰ ਤੇ ਸਥਾਨਕ ਪ੍ਰਸ਼ਾਸਨ ਦੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਕਿਉਂਕਿ ਮੰਡੀਆਂ ਵਿੱਚ ਵੀ ਪਈ ਕਿਸਾਨਾਂ ਦੀ ਫ਼ਸਲ ਤੇਜ਼ ਮੀਂਹ ਦੇ ਵਹਾਅ ਅੱਗੇ ਟਿਕ ਨਾ ਸਕੀ, ਕਿਉਂਕਿ ਕਿਸਾਨਾਂ ਦਾ ਅਨਾਜ ਖੁੱਲ੍ਹੀਆਂ ਮੰਡੀਆਂ ਵਿੱਚ ਰੁਲ਼ ਰਿਹਾ ਹੈ ਨਾਂ ਤਾਂ ਮੰਡੀਆਂ ਵਿੱਚ ਸ਼ੈੱਡ ਪਾਏ ਹੋਏ ਹਨ ਤੇ ਨਾ ਹੀ ਉਨ੍ਹਾਂ ਨੂੰ ਮੀਂਹ ਤੋਂ ਬਚਾਉਣ ਲਈ ਕੋਈ ਪੁਖ਼ਤਾ ਪ੍ਰਬੰਧ ਕੀਤਾ ਗਿਆ ਹੈ। 


ਪੰਜਾਬ ਦੇ ਜੇ ਪਿੰਡਾਂ ਦੀ ਗੱਲ ਕਰਨ ਤੋਂ ਪਹਿਲਾਂ ਵੱਡੇ ਸ਼ਹਿਰਾਂ ਦਾ ਹਾਲ ਦੱਸ ਦਈਏ ਤਾਂ ਹੋ ਸਕਦਾ ਹੈ ਕਿ ਤੁਸੀਂ ਪਿੰਡਾਂ ਦੇ ਹਾਲ ਦਾ ਤਾਂ ਆਪ ਹੀ ਅੰਦਾਜਾ ਲਾ ਲਓ ਗਏ। ਕਿਉਂਕਿ ਸ਼ਹਿਰਾਂ ਵਿੱਚ ਇਸ ਵਕਤ ਗੋਡੇ-ਗੋਡੇ ਪਾਣੀ ਖੜ੍ਹਾ ਹੈ ਤੇ ਸੜਕਾਂ ਨੇ ਨਹਿਰਾਂ ਦਾ ਰੂਪ ਧਾਰਨ ਕਰ ਲਿਆ ਹੈ। ਇੰਝ ਲੱਗਦਾ ਹੈ ਕਿ ਜਿਵੇਂ ਸੜਕਾਂ ਤੇ ਕਾਰਾਂ ਚੱਲ ਨਹੀਂ ਸਗੋਂ ਤੈਰ ਰਹੀਆਂ ਹਨ।