Punjab Weather Update: ਪੰਜਾਬ ਵਿੱਚ ਮਾਨਸੂਨ ਦੀਆਂ ਛਹਿਬਰਾਂ ਸ਼ੁਰੂ ਹੋ ਗਈਆਂ ਹਨ। ਇਸ ਵਾਰ ਪੰਜਾਬ ਤੇ ਚੰਡੀਗੜ੍ਹ ਵਿੱਚ ਮਾਨਸੂਨ 1 ਜੁਲਾਈ ਨੂੰ ਪਹੁੰਚਿਆ। ਪਿਛਲੇ ਸਾਲ ਦੇ ਮੁਕਾਬਲੇ ਪੰਜਾਬ ਵਿੱਚ ਮਾਨਸੂਨ ਦੀ ਆਮਦ 9 ਦਿਨ ਤੇ ਚੰਡੀਗੜ੍ਹ ਵਿੱਚ 7 ਦਿਨ ਦੀ ਦੇਰੀ ਨਾਲ ਹੋਈ ਹੈ। ਪਿਛਲੇ 25 ਸਾਲਾਂ ਦੇ ਰਿਕਾਰਡ ਦਰਸਾਉਂਦੇ ਹਨ ਕਿ ਪੰਜਾਬ ਵਿੱਚ ਸਭ ਤੋਂ ਅਗੇਤੀ ਮਾਨਸੂਨ ਦੀ ਆਮਦ 13 ਜੂਨ, 2008 ਨੂੰ ਹੋਈ ਸੀ, ਜਦੋਂਕਿ ਸਭ ਤੋਂ ਲੰਬੀ ਦੇਰੀ 2002 ਵਿੱਚ ਹੋਈ ਸੀ, ਜਦੋਂ ਪੂਰੇ ਰਾਜ ਨੂੰ ਕਵਰ ਕਰਨ ਲਈ ਮਾਨਸੂਨ ਨੂੰ 15 ਅਗਸਤ ਤੱਕ ਦਾ ਸਮਾਂ ਲੱਗਿਆ ਸੀ।
ਬੇਸ਼ੱਕ ਮਾਨਸੂਨ ਪਹਿਲੀ ਜੁਲਾਈ ਨੂੰ ਪਹੁੰਚ ਚੁੱਕਾ ਹੈ ਪਰ ਕਈ ਇਲਾਕੇ ਅਜੇ ਵੀ ਬਾਰਸ਼ ਨੂੰ ਉਡੀਕ ਰਹੇ ਹਨ। ਅਜਿਹੇ ਵਿੱਚ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਮੌਸਮ ਦੀ ਹਾਲ ਦੱਸਿਆ ਹੈ। ਆਉ ਜਾਣਦੇ ਹਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਾਰਸ਼ ਕਦੋਂ ਹੋਏਗੀ। ਮੌਸਮ ਵਿਭਾਗ ਮੁਤਾਬਕ 3 ਜੁਲਾਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਫਤਿਹਗੜ੍ਹ ਸਾਹਿਬ, ਰੂਪਨਗਰ (ਰੋਪੜ), ਪਟਿਆਲਾ ਤੇ ਐਸਏਐਸ ਨਗਰ (ਮੁਹਾਲੀ) ਵਿੱਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ।
ਇਸ ਦੌਰਾਨ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ ਤੇ ਸੰਗਰੂਰ ਲਈ ਬਿਜਲੀ ਦੀ ਗਰਜ ਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਲਈ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ; ਹਾਲਾਂਕਿ ਇਨ੍ਹਾਂ ਜ਼ਿਲ੍ਹਿਆਂ ਲਈ ਕੋਈ ਭਾਰੀ ਮੀਂਹ ਦੀ ਚੇਤਾਵਨੀ ਨਹੀਂ ਹੈ।
ਮੌਸਮ ਵਿਭਾਗ ਮੁਤਾਬਕ 4 ਜੁਲਾਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਫਤਿਹਗੜ੍ਹ ਸਾਹਿਬ, ਰੂਪਨਗਰ (ਰੋਪੜ), ਪਟਿਆਲਾ, ਐਸਏਐਸ ਨਗਰ (ਮੁਹਾਲੀ), ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ ਤੇ ਸੰਗਰੂਰ ਲਈ ਬਿਜਲੀ ਦੀ ਗਰਜ ਤੇ ਤੇਜ਼ ਹਵਾਵਾਂ (40-50 ਕਿਲੋਮੀਟਰ ਪ੍ਰਤੀ ਘੰਟਾ) ਲਈ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਮੁਹਾਲੀ ਵਿੱਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਗੁਰਦਾਸਪੁਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਲੁਧਿਆਣਾ, ਮਾਨਸਾ ਤੇ ਸੰਗਰੂਰ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ, ਜਦੋਂਕਿ ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਰੀਦਕੋਟ, ਮੋਗਾ ਤੇ ਬਰਨਾਲਾ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋ ਸਕਦੀ ਹੈ।
ਇਸੇ ਤਰ੍ਹਾਂ 5 ਜੁਲਾਈ ਨੂੰ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ), ਫਤਿਹਗੜ੍ਹ ਸਾਹਿਬ, ਰੂਪਨਗਰ (ਰੋਪੜ), ਮੁਹਾਲੀ, ਪਟਿਆਲਾ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ ਤੇ ਸੰਗਰੂਰ ਵਿੱਚ ਬਿਜਲੀ ਦੀ ਗਰਜ ਤੇ ਤੇਜ਼ ਹਵਾਵਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ।
ਦੱਸ ਦਈਏ ਕਿ ਪੰਜਾਬ ਵਿੱਚ ਮਾਨਸੂਨ ਦੀ ਸ਼ੁਰੂਆਤ ਸੁਸਤ ਰਹੀ ਹੈ। ਮੌਸਮ ਵਿਭਾਗ ਅਨੁਸਾਰ ਰਾਜ ਵਿੱਚ 1 ਜੁਲਾਈ ਨੂੰ ਔਸਤਨ 1.2 ਮਿਲੀਮੀਟਰ ਬਾਰਸ਼ ਹੋਈ, ਜਦੋਂਕਿ ਇਸ ਦਿਨ ਲਈ ਆਮ ਬਾਰਸ਼ 3.6 ਮਿਲੀਮੀਟਰ ਪੈਂਦੀ ਹੈ। ਇਹ ਪਹਿਲੇ ਦਿਨ ਹੀ 66% ਕਮੀ ਹੈ। ਪਠਾਨਕੋਟ ਵਿੱਚ ਸਭ ਤੋਂ ਵੱਧ 60.4 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ, ਜਦੋਂ ਕਿ ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ ਤੇ ਰੂਪਨਗਰ ਵਿੱਚ ਹਲਕੀ ਬਾਰਸ਼ ਹੋਈ। ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਸਮੇਤ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਕੋਈ ਬਾਰਸ਼ ਨਹੀਂ ਹੋਈ।
ਇਸ ਦੌਰਾਨ 1 ਜੂਨ ਤੋਂ 1 ਜੁਲਾਈ ਤੱਕ ਪੰਜਾਬ ਭਰ ਵਿੱਚ ਕੁੱਲ ਬਾਰਸ਼ 30.8 ਮਿਲੀਮੀਟਰ ਰਹੀ, ਜੋ ਇਸ ਸਮੇਂ ਲਈ ਆਮ 58.1 ਮਿਲੀਮੀਟਰ ਹੁੰਦੀ ਹੈ। ਇਸ ਤਰ੍ਹਾਂ 47% ਘੱਟ ਬਾਰਸ਼ ਹੋਈ। ਪਠਾਨਕੋਟ ਵਿੱਚ ਸਭ ਤੋਂ ਵੱਧ ਬਾਰਸ਼ (ਆਮ ਤੋਂ 52% ਵੱਧ) ਦਰਜ ਕੀਤੀ ਗਈ। ਇਸ ਤੋਂ ਬਾਅਦ ਤਰਨ ਤਾਰਨ (ਆਮ ਤੋਂ 41% ਵੱਧ) ਤੇ ਅੰਮ੍ਰਿਤਸਰ (ਆਮ ਤੋਂ 14% ਵੱਧ) ਬਾਰਸ਼ ਹੋਈ। ਦੂਜੇ ਪਾਸੇ, ਬਰਨਾਲਾ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ ਤੇ ਮੁਹਾਲੀ ਵਰਗੇ ਜ਼ਿਲ੍ਹਿਆਂ ਵਿੱਚ ਆਮ ਤੋਂ 79% ਤੋਂ 91% ਘੱਟ ਬਾਰਸ਼ ਦਰਜ ਕੀਤੀ ਗਈ।
