Weather Update: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਣੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅੱਜ ਤੋਂ ਗਰਮੀ ਮੁੜ ਜ਼ੋਰ ਫੜ ਰਹੀ ਹੈ। ਮੌਸਮ ਵਿਭਾਗ ਵੱਲੋਂ 9 ਤੋਂ 12 ਜੂਨ ਤੱਕ ਅਤਿ ਦੀ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਦੌਰਾਨ ਤਾਪਮਾਨ 44-45 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਇਸ ਲਈ ਮੌਸਮ ਵਿਭਾਗ ਨੇ 12 ਜੂਨ ਤੱਕ ਹੀਟਵੇਵ ਦਾ ਅਲਰਟ ਜਾਰੀ ਕੀਤਾ ਹੈ।
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਹੀਟ ਵੇਵ ਕਾਰਨ ਚੇਤਾਵਨੀ ਜਾਰੀ ਕਰਦਿਆਂ ਘਰੋਂ ਬਾਹਰ ਨਿਕਲਣ ਸਮੇਂ ਢਿੱਲੇ ਤੇ ਸੂਤੀ ਕੱਪੜੇ ਪਾਉਣ ਦੀ ਸਲਾਹ ਦਿੱਤੀ ਹੈ। ਜੇ ਜ਼ਰੂਰੀ ਨਾ ਹੋਵੇ ਤਾਂ ਦਿਨ ਵੇਲੇ ਬਾਹਰ ਨਾ ਨਿਕਲਣ ਲਈ ਕਿਹਾ ਹੈ। ਛੱਤਰੀ ਲੈ ਕੇ ਧੁੱਪ ਵਿੱਚ ਬਾਹਰ ਜਾਓ। ਘਰ ਦੇ ਦਰਵਾਜ਼ੇ ਖੁੱਲ੍ਹੇ ਰੱਖੋ, ਤਾਂ ਜੋ ਹਵਾ ਦਾ ਆਦਾਨ-ਪ੍ਰਦਾਨ ਹੁੰਦਾ ਰਹੇ। ਵਾਰ-ਵਾਰ ਪਾਣੀ ਪੀਂਦੇ ਰਹੋ। ਭੋਜਨ ਵਿੱਚ ਨਿੰਬੂ ਪਾਣੀ, ਨਾਰੀਅਲ ਪਾਣੀ ਤੇ ਸਲਾਦ ਦਾ ਸੇਵਨ ਕਰਦੇ ਰਹੋ। ਬਾਹਰ ਦਾ ਖਾਣਾ ਖਾਣ ਤੋਂ ਪ੍ਰਹੇਜ਼ ਕਰੋ।
ਉਂਜ ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿੱਚ ਪੱਛਮੀ ਗੜਬੜੀ ਦੇ ਅਸਰ ਕਾਰਨ ਸ਼ਨੀਵਾਰ ਨੂੰ ਪੰਜਾਬ ਵਿੱਚ ਤਾਪਮਾਨ ਔਸਤਨ ਇੱਕ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਪੰਜਾਬ ਵਿੱਚ ਸ਼ਨੀਵਾਰ ਨੂੰ ਪਠਾਨਕੋਟ ਸਭ ਤੋਂ ਗਰਮ ਰਿਹਾ ਜਿੱਥੇ ਵੱਧ ਤੋਂ ਵੱਧ ਤਾਪਮਾਨ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦਰਅਸਲ ਸੂਬੇ ਵਿੱਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਮੌਸਮ ਦਾ ਮਿਜ਼ਾਜ ਬਦਲੇ ਹੋਣ ਕਰਕੇ ਸ਼ਨੀਵਾਰ ਨੂੰ ਵੀ ਲੋਕਾਂ ਨੇ ਗਰਮੀ ਤੋਂ ਸੁੱਖ ਦਾ ਸਾਹ ਲਿਆ। ਸਾਰਾ ਦਿਨ ਹਵਾ ਚਲਦੀ ਰਹਿਣ ਕਾਰਨ ਬਹੁਤੀ ਗਰਮੀ ਦਾ ਅਹਿਸਾਸ ਨਹੀਂ ਹੋਇਆ। ਮੌਸਮ ’ਚ ਹਲਕੇ ਬਦਲਾਅ ਕਾਰਨ ਕਿਸਾਨਾਂ ਤੇ ਬਿਜਲੀ ਵਿਭਾਗ ਨੇ ਵੀ ਰਾਹਤ ਮਹਿਸੂਸ ਕੀਤੀ ਹੈ ਪਰ ਅੱਜ ਤੋਂ ਗਰਮੀ ਮੁੜ ਜ਼ੋਰ ਫੜ ਰਹੀ ਹੈ।
ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 39.8 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਅੰਮ੍ਰਿਤਸਰ ’ਚ 39, ਲੁਧਿਆਣਾ ’ਚ 38.3, ਪਟਿਆਲਾ ’ਚ 40.6, ਬਠਿੰਡਾ ਏਅਰਪੋਰਟ ’ਤੇ 38.4, ਗੁਰਦਾਸਪੁਰ ’ਚ 40, ਨਵਾਂ ਸ਼ਹਿਰ ’ਚ 38, ਬਰਨਾਲਾ ’ਚ 38.6, ਫ਼ਰੀਦਕੋਟ ’ਚ 39.7, ਫਿਰੋਜ਼ਪੁਰ ਵਿੱਚ 38.3, ਫਤਿਹਗੜ੍ਹ ਸਾਹਿਬ ’ਚ 39.7, ਜਲੰਧਰ ’ਚ 37.3, ਮੋਗਾ ’ਚ 38.1, ਮੁਹਾਲੀ ’ਚ 39.3 ਤੇ ਰੂਪਨਗਰ ਵਿੱਚ 37.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।