Punjab Weather update: ਪੰਜਾਬ ਵਿੱਚ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਤਿੰਨ-ਚਾਰ ਦਿਨਾਂ 'ਚ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਵਧ ਗਿਆ ਹੈ। ਪੰਜਾਬ ਦਾ ਫਰੀਦਕੋਟ ਜ਼ਿਲਾ ਵੀਰਵਾਰ ਨੂੰ ਸਭ ਤੋਂ ਗਰਮ ਰਿਹਾ। ਇੱਥੇ ਆਮ ਤਾਪਮਾਨ 3.8 ਡਿਗਰੀ ਸੈਲਸੀਅਸ ਦੇ ਵਾਧੇ ਨਾਲ 42.1 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਤੋਂ ਇਲਾਵਾ ਬਠਿੰਡਾ, ਪਟਿਆਲਾ, ਬਰਨਾਲਾ, ਪਟਿਆਲਾ ਅਤੇ ਮੁਕਤਸਰ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੌਸਮ ਵਿਭਾਗ ਮੁਤਾਬਕ ਅਗਲੇ 2 ਦਿਨਾਂ ਅੰਦਰ ਤਾਪਮਾਨ 3 ਡਿਗਰੀ ਸੈਲਸੀਅਸ ਤੱਕ ਵਧਣ ਦਾ ਅਨੁਮਾਨ ਹੈ।


4 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ


ਮੌਸਮ ਵਿਭਾਗ ਮੁਤਾਬਕ ਅਗਲੇ 4 ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਵਾਲਾ ਹੈ। 5 ਮਈ ਤੋਂ 11 ਮਈ ਤੱਕ ਆਮ ਨਾਲੋਂ 45 ਫੀਸਦੀ ਘੱਟ ਮੀਂਹ ਪਿਆ ਹੈ, ਜਿਸ ਕਾਰਨ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਅਨੁਸਾਰ ਸੱਤ ਦਿਨਾਂ ਵਿੱਚ 3.6 ਮਿਲੀਮੀਟਰ ਮੀਂਹ ਪੈਣਾ ਸੀ, ਪਰ ਮੀਂਹ ਸਿਰਫ਼ 2 ਮਿਲੀਮੀਟਰ ਹੀ ਪਿਆ, ਜਿਸ ਕਾਰਨ ਗਰਮੀ ਵੱਧ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਸੰਗਰੂਰ, ਫਿਰੋਜ਼ਪੁਰ, ਪਟਿਆਲਾ, ਮਾਨਸਾ, ਮੋਗਾ ਜ਼ਿਲ੍ਹਿਆਂ ਵਿੱਚ ਵੀ ਮੀਂਹ ਨਹੀਂ ਪਿਆ।


ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਸੂਬੇ ਵਿੱਚ ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਸੂਬੇ ਦੇ ਹੋਰ ਸ਼ਹਿਰਾਂ ਦਾ ਤਾਪਮਾਨ ਵੀ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ 39.8 ਡਿਗਰੀ, ਲੁਧਿਆਣਾ ਵਿੱਚ 39.8, ਪਟਿਆਲਾ ਵਿੱਚ 40.3, ਬਠਿੰਡਾ ਵਿੱਚ 40.8, ਬਰਨਾਲਾ ਵਿੱਚ 40.3, ਜਲੰਧਰ ਵਿੱਚ 38.4, ਮੋਗਾ ਵਿੱਚ 39.8, ਮੁਕਤਸਰ ਵਿੱਚ 40.5 ਅਤੇ ਰੋਪੜ ਵਿੱਚ 38.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।


ਹੀਟਵੇਵ ਅਲਰਟ ਜਾਰੀ ਕੀਤਾ ਗਿਆ 


ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਗਰਮੀ ਅਤੇ ਹੀਟਵੇਵ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਇਸ ਤੋਂ ਬਚਣ ਲਈ ਵੱਖ-ਵੱਖ ਉਪਾਅ ਅਪਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਤਾਪਮਾਨ 'ਚ ਅਚਾਨਕ ਵਾਧੇ ਕਾਰਨ ਹੀਟਵੇਵ ਦੇ ਆਧਾਰ ਬਣ ਰਹੇ ਹਨ। ਸਿਹਤ ਵਿਭਾਗ ਦੀ ਸਲਾਹ ਅਨੁਸਾਰ ਲੋਕ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ। ਆਉਣ ਵਾਲੇ ਦਿਨਾਂ 'ਚ ਗਰਮੀ ਦਾ ਅਸਰ ਹੋਰ ਵਧਣ ਵਾਲਾ ਹੈ। ਇਸ ਲਈ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ