Punjab Weather Update News: ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਭਾਰੀ ਮੀਂਹ ਪੈ ਰਿਹਾ ਜਿਸ ਨਾਲ ਠੰਡ ਵਧਣ ਦੀ ਸੰਭਾਵਨਾ ਹੈ। ਦਰਅਸਲ ਮੌਸਮ ਵਿਭਾਗ ਨੇ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ 16-17 ਅਕਤੂਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਸੀ।


ਪੰਜਾਬ ਵਿੱਚ ਮੌਸਮ ਵਿਭਾਗ ਨੇ ਸੋਮਵਾਰ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਆਉਣ ਵਾਲੇ 72 ਘੰਟਿਆਂ 'ਚ ਵੱਖ-ਵੱਖ ਜ਼ਿਲ੍ਹਿਆਂ 'ਚ ਮੀਂਹ ਜਾਰੀ ਰਹੇਗੀ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਬੀਤੀ ਰਾਤ ਪਏ ਮੀਂਹ ਕਾਰਨ ਔਸਤ ਤਾਪਮਾਨ ਵਿੱਚ 1.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।


ਕਈ ਸੂਬਿਆਂ ਵਿੱਚ ਅੱਜ ਮੀਂਹ ਦਾ ਸਿਲਸਿਲਾ ਜਾਰੀ


ਦੇਸ਼ ਦੇ ਕਈ ਸੂਬਿਆਂ ਵਿੱਚ ਅੱਜ ਮੀਂਹ ਦਾ ਸਿਲਸਿਲਾ ਜਾਰੀ ਹੈ। ਇਸ ਦੌਰਾਨ ਕਈ ਸੂਬਿਆਂ ਵਿੱਚ ਗੜੇਮਾਰੀ ਵੀ ਦਰਜ ਕੀਤੀ ਗਈ। ਦੂਜੇ ਪਾਸੇ ਪੰਜਾਬ ਅੰਦਰ ਬੇਮੌਸਮੀ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਅਤੇ ਨਾਲ ਹੀ ਮੰਡੀਆਂ ਵਿੱਚ ਪ੍ਰਬੰਧਾਂ ਦੀ ਪੋਲ ਵੀ ਖੁੱਲ੍ਹੀ।


ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿੱਚ ਫ਼ਸਲ ਨੂੰ ਢੱਕਣ ਤੱਕ ਦੇ ਪ੍ਰਬੰਧ ਮੁਕੰਮਲ ਨਹੀਂ ਸੀ। ਕਿਸਾਨਾਂ ਨੇ ਰੋਸ ਜਾਹਿਰ ਕੀਤਾ। ਜੀ ਮੀਡੀਆ ਦੀ ਟੀਮ ਨੇ ਖੰਨਾ ਮੰਡੀ ਦਾ ਦੌਰਾ ਕੀਤਾ। ਇੱਥੇ ਬੋਰੀਆਂ ਭਿੱਜ ਰਹੀਆਂ ਸੀ। ਕਿਸਾਨਾਂ ਨੂੰ ਫਸਲ ਰੱਖਣ ਨੂੰ ਥਾਂ ਨਹੀਂ ਸੀ।


 


ਠੰਢੀਆਂ ਹਵਾਵਾਂ ਨਾਲ ਸ਼ੁਰੂ ਹੋਈ ਹਲਕੀ ਬਾਰਿਸ਼



ਮੌਸਮ ਵਿਭਾਗ ਨੇ 15, 16 ਅਤੇ 17 ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ। ਬਨੂੜ ਇਲਾਕੇ ਵਿੱਚ ਬਦਲਦਾ ਮੌਸਮ ਵੇਖਣ ਨੂੰ ਮਿਲਿਆ। ਠੰਡੀਆਂ ਹਵਾਵਾਂ ਦੇ ਨਾਲ-ਨਾਲ ਹਲਕੀ ਬਾਰਿਸ਼ ਵੀ ਸ਼ੁਰੂ ਹੋ ਗਈ। ਦੂਜੇ ਪਾਸੇ ਬਦਲਦੇ ਮੌਸਮ ਨੂੰ ਲੈ ਕੇ ਕਿਸਾਨਾਂ ਦੀਆਂ ਚਿੰਤਾਵਾਂ ਵੀ ਵੱਧ ਗਈਆਂ ਹਨ।


ਅਕਤੂਬਰ ਦੇ ਦੂਜੇ ਹਫ਼ਤੇ ਤੋਂ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਐਤਵਾਰ ਤੋਂ ਜਦੋਂ ਸ਼ਾਰਦੀਆ ਨਵਰਾਤਰੀ ਸ਼ੁਰੂ ਹੋਵੇਗੀ ਤਾਂ ਇਸ ਦੇ ਆਲੇ-ਦੁਆਲੇ ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਮੀਂਹ ਵੀ ਪੈਣਾ ਸ਼ੁਰੂ ਹੋ ਜਾਵੇਗਾ। ਸਭ ਤੋਂ ਪਹਿਲਾਂ ਪੱਛਮੀ ਗੜਬੜੀ ਉੱਤਰੀ ਭਾਰਤ ਵਿੱਚ ਆਪਣਾ ਅਸਰ ਦਿਖਾਉਣ ਜਾ ਰਹੀ ਹੈ। ਸ਼ਨੀਵਾਰ ਨੂੰ ਹਿਮਾਲਿਆ ਵੱਲ ਇੱਕ ਸਰਗਰਮ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ, ਜਿਸ ਕਾਰਨ ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਮੀਂਹ ਪੈ ਰਿਹਾ ਹੈ।


ਫਸਲਾਂ ਦਾ ਨੁਕਸਾਨ


ਇਸ ਦੇ ਨਾਲ ਹੀ ਬਦਲਦੇ ਮੌਸਮ ਕਾਰਨ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਨਾਲ ਠੰਡ ਵਧ ਰਹੀ ਹੈ ਉੱਥੇ ਹੀ ਕਿਸਾਨਾਂ ਦੀਆਂ ਪਰੇਸ਼ਾਨੀਆਂ ਵੀ ਵੱਧ ਰਹੀਆਂ ਹਨ। ਮੀਂਹ ਕਾਰਨ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਦਾ ਨੁਕਸਾਨ ਵੀ ਹੋ ਰਿਹਾ ਹੈ। ਕਿਉਂਕਿ ਪਹਿਲਾਂ ਹੀ ਦੋ ਵਾਰ ਹੜ੍ਹਾਂ ਦੇ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਹੁਣ ਜੇ ਇਸ ਤਰ੍ਹਾਂ ਹੀ ਮੀਂਹ ਜਾਰੀ ਰਹਿੰਦਾ ਹੈ ਤਾਂ ਕਿਸਾਨਾਂ ਦੀਆਂ ਪਰੇਸ਼ਾਨੀਆਂ ਤੇ ਸਮੱਸਿਆਵਾਂ ਹੋਰ ਵੱਧ ਸਕਦੀਆਂ ਹਨ। ਕਿਉਂ ਕਿ ਝੋਨੇ ਦੀ ਵੱਢੀ ਅਜੇ ਜਾਰੀ ਹੈ। ਮੰਡੀ ਵਿੱਚ ਝੋਨਾ ਸੁਕਾ ਕੇ ਹੀ ਲਿਜਾਣਾ ਪਵੇਗਾ ਤਾਂ ਹੀ ਉਸ ਦੀ ਖ਼ਰੀਦ ਹੋ ਸਕੇਗੀ। ਇਸ ਲਈ ਝੋਨੇ ਨੂੰ ਪਹਿਲਾਂ ਧੁੱਪਾਂ ਲੱਗਣਗੀਆਂ ਜ਼ਰੂਰੀ ਹਨ।