Punjab Weather Update: ਪੰਜਾਬ ਅੱਜ ਧੁੰਦ ਦੀ ਚਿੱਟੀ ਚਾਦਰ ਵਿੱਚ ਲਪੇਟਿਆ ਹੋਇਆ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਪਈ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਵਿਜ਼ੀਬਿਲਟੀ ਜ਼ੀਰੋ ਰਹੀ। ਪਿਛਲੇ ਹਫਤੇ ਤੋਂ ਪੈ ਰਹੀ ਧੁੰਦ ਨਾ ਸਿਰਫ਼ ਹਾਦਸਿਆਂ ਦਾ ਕਾਰਨ ਬਣ ਰਹੀ ਹੈ, ਸਗੋਂ ਆਵਾਜਾਈ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਧੁੰਦ ਕਾਰਨ ਕਈ ਟ੍ਰੇਨਾਂ ਤੇ ਫਲਾਈਟਾਂ ਦੇਰੀ ਨਾਲ ਚੱਲ ਰਹੀਆਂ ਹਨ। 


ਦੂਜੇ ਪਾਸੇ ਜੇਕਰ ਮੌਸਮ ਵਿਭਾਗ ਦੀ ਭਵਿੱਖਬਾਣੀ ਦੀ ਮੰਨੀਏ ਤਾਂ ਅੱਜ ਵੀ ਧੁੰਦ ਛਾਈ ਰਹੇਗੀ। ਵਿਭਾਗ ਨੇ ਇਸ ਸਬੰਧੀ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਹਾਲਾਂਕਿ 30 ਦਸੰਬਰ ਤੋਂ ਧੁੰਦ ਘੱਟ ਜਾਵੇਗੀ ਪਰ ਠੰਢ ਵਧਣ ਦੀ ਸੰਭਾਵਨਾ ਹੈ। ਘੱਟੋ-ਘੱਟ ਤਾਪਮਾਨ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਹੇਠਾਂ ਆ ਸਕਦਾ ਹੈ। ਅੱਜ ਮੌਸਮ ਖੁਸ਼ਕ ਰਹੇਗਾ ਪਰ ਸ਼ੁੱਕਰਵਾਰ ਨੂੰ ਕੁਝ ਥਾਵਾਂ 'ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਵਿਭਾਗ ਨੇ ਦੋਪਹੀਆ ਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਮੱਠੀ ਰਫ਼ਤਾਰ ਤੇ ਨਿਸ਼ਚਿਤ ਦੂਰੀ 'ਤੇ ਵਾਹਨ ਚਲਾਉਣ ਲਈ ਕਿਹਾ ਹੈ।



ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਦਿਨ ਵੇਲੇ ਹਲਕੀ ਧੁੱਪ ਰਹੀ ਤੇ ਸ਼ਾਮ ਢਲਦਿਆਂ ਹੀ ਮੁੜ ਧੁੰਦ ਪੈ ਗਈ। ਇਸ ਲਈ ਕਈ ਥਾਵਾਂ 'ਤੇ ਵਿਜ਼ੀਬਿਲਟੀ ਜ਼ੀਰੋ ਰਹੀ। ਅੱਜ ਸਵੇਰੇ ਵੀ ਸੰਘਣੀ ਧੁੰਦ ਛਾਈ ਹੋਈ ਹੈ। ਇਹ ਧੁੰਦ ਦੋ ਦਿਨ ਹੋਰ ਰਹਿ ਸਕਦੀ ਹੈ। ਮੌਸਮ ਵਿਭਾਗ ਨੇ ਸੰਘਣੀ ਧੁੰਦ ਦਾ ਰੈੱਡ ਅਲਰਟ ਜਾਰੀ ਕੀਤਾ ਹੈ। 


ਮੌਸਮ ਵਿਭਾਗ ਮਤਾਬਕ ਹਵਾ ਵਿੱਚ 100 ਫੀਸਦੀ ਨਮੀ ਹੋਣ ਕਾਰਨ ਧੁੰਦ ਵਿੱਚ ਮੀਂਹ ਵਾਂਗ ਤ੍ਰੇਲ ਪੈ ਰਹੀ ਸੀ। ਕਈ ਥਾਵਾਂ 'ਤੇ ਕੋਹਰਾ ਵੀ ਜਮ੍ਹਾਂ ਹੋ ਗਿਆ। ਸਵੇਰੇ 9 ਵਜੇ ਤੱਕ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਆਦਮਪੁਰ, ਹਲਵਾਰਾ, ਬਠਿੰਡਾ ਤੇ ਗੁਰਦਾਸਪੁਰ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਸੀ। ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਡਿੱਗਣ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਹੈ।



ਮੌਸਮ ਵਿਭਾਗ ਅਨੁਸਾਰ ਅੱਜ ਦਾ ਘੱਟੋ-ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 18.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵਾਂ ਦਾ ਤਾਪਮਾਨ ਆਮ ਨਾਲੋਂ 0.1 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਸੰਘਣੀ ਧੁੰਦ ਨੇ ਘੇਰਿਆ ਹੋਇਆ ਹੈ।