Weather Updates: ਮੌਸਮ ਵਿਭਾਗ ਨੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਲਈ ਇਕ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਦੋਵਾਂ ਰਾਜਾਂ ਦੇ ਕੁਝ ਇਲਾਕਿਆਂ ਵਿੱਚ 13 ਜੂਨ ਤੱਕ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਵੀ ਚੱਲਣਗੀਆਂ। ਬੇਸ਼ੱਕ ਪੰਜਾਬ ਤੇ ਹਰਿਆਣਾ ਵਿੱਚ ਮੌਨਸੂਨ ਜੂਨ ਦੇ ਅੰਤ ਵਿੱਚ ਪਹੁੰਚੇਗੀ ਪਰ ਪੱਛਮੀ ਗੜਬੜੀ ਕਾਰਨ ਮੌਸਮ ਵਿੱਚ ਤਬਦੀਲੀ ਆ ਰਹੀ ਹੈ।
ਦੱਸ ਦੇਈਏ ਕਿ ਚੰਡੀਗੜ੍ਹ, ਜਲੰਧਰ, ਲੁਧਿਆਣਾ ਤੇ ਹਰਿਆਣਾ ਦੇ ਪੰਚਕੁਲਾ, ਕਰਨਾਲ, ਕੁਰੂਕਸ਼ੇਤਰ, ਪਾਣੀਪਤ ਸਮੇਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਵੀਰਵਾਰ ਨੂੰ ਮੌਸਮ ਨੇ ਅਚਾਨਕ ਹੀ ਨਵਾਂ ਮੋੜ ਲੈ ਲਿਆ। ਇਸ ਨਾਲ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਮਿਲੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਪੰਜ ਡਿਗਰੀ ਦੀ ਗਿਰਾਵਟ ਵੇਖੀ ਗਈ ਸੀ, ਪਰ ਇਸ ਦੇ ਨਾਲ ਘੱਟੋ-ਘੱਟ ਤਾਪਮਾਨ ਵਿੱਚ ਵੀ 6 ਡਿਗਰੀ ਦਾ ਵਾਧਾ ਹੋਇਆ ਸੀ।
ਇਸ ਦੌਰਾਨ, ਜੂਨ ਦਾ ਘੱਟੋ ਘੱਟ ਤਾਪਮਾਨ ਪਿਛਲੇ ਦਸ ਸਾਲਾਂ ਵਿੱਚ ਸਭ ਤੋਂ ਵੱਧ ਦਰਜ ਕੀਤਾ ਗਿਆ। ਵੀਰਵਾਰ ਨੂੰ ਘੱਟੋ ਘੱਟ ਤਾਪਮਾਨ ਛੇ ਡਿਗਰੀ ਵਧ ਕੇ 30.5 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਵੱਧ ਤੋਂ ਵੱਧ ਤਾਪਮਾਨ ਪੰਜ ਡਿਗਰੀ ਘਟ ਕੇ 35.4 ਡਿਗਰੀ ਸੈਲਸੀਅਸ ਰਿਹਾ। ਇਸ ਦੌਰਾਨ ਕਹਿਰਾਂ ਦੀ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਆਖਰਕਾਰ ਰਾਹਤ ਮਿਲੀ। ਮੌਸਮ ਵਿਭਾਗ ਅਨੁਸਾਰ ਅੱਜ ਤੋਂ ਬੁੱਧਵਾਰ ਤੱਕ ਮੌਸਮ ਵਿੱਚ ਤਬਦੀਲੀ ਹੋਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਪੂਰਬ ਤੋਂ ਆਉਣ ਵਾਲੀਆਂ ਹਵਾਵਾਂ ਦਾ ਅਸਰ ਤਾਪਮਾਨ ‘ਤੇ ਵੇਖਿਆ ਜਾਵੇਗਾ। ਇਸ ਖੇਤਰ ਵਿੱਚ ਭਾਰੀ ਬਾਰਸ਼ ਹੋ ਰਹੀ ਹੈ। ਇਸ ਕਾਰਨ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਉਮੀਦ ਹੈ। ਖ਼ਰਬੂਜ਼ੇ ਤੇ ਤਰਬੂਜ਼ ਨੂੰ ਛੱਡ ਕੇ ਸਾਉਣੀ ਦੀਆਂ ਜ਼ਿਆਦਾਤਰ ਫ਼ਸਲਾਂ ਲਈ ਇਹ ਮੀਂਹ ਲਾਹੇਵੰਦ ਦੱਸਿਆ ਜਾ ਰਿਹਾ ਹੈ; ਇਸ ਲਈ ਬਹੁਤੇ ਕਿਸਾਨ ਖ਼ੁਸ਼ ਹਨ।