Punjab News: ਲੁਧਿਆਣਾ ਉੱਪ ਚੋਣਾਂ ਤੋਂ ਪਹਿਲਾਂ ਪੰਜਾਬ ਸਰਕਾਰ ਵਿੱਚ ਮੰਤਰੀ ਡਾ. ਰਵੋਜਤ ਸਿੰਘ 'ਅਤਰੰਗੀ' ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਆਪ ਦਾ ਦਾਅਵਾ ਕੀਤਾ ਹੈ ਕਿ ਇਹ ਤਸਵੀਰਾਂ AI ਨਾਲ ਬਣਾਈਆਂ ਗਈਆਂ ਹਨ ਜਿਸ ਤੋਂ ਬਾਅਦ ਵਿਰੋਧੀ ਇਸ ਦੀ ਜਾਂਚ ਦੀ ਮੰਗ ਕਰ ਰਹੇ ਹਨ ਪਰ ਇਸ ਸਭ ਦੌਰਾਨ ਮੁੜ ਤੋਂ ਅਕਾਲੀ ਦਲ ਦੇ ਲੀਡਰ ਸੁੱਚਾ ਸਿੰਘ ਲੰਗਾਹ ਦਾ ਜ਼ਿਕਰ ਹੋਇਆ ਹੈ।
ਦਰਅਸਲ, ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਮੀਡੀਆ ਨੂੰ ਮੁਖ਼ਾਤਬ ਹੋ ਰਹੇ ਸਨ ਜਿਸ ਦੌਰਾਨ ਉਨ੍ਹਾਂ ਤੋਂ ਡਾ.ਰਵੋਜਤ ਦੀਆਂ ਵਾਇਰਲ ਤਸਵੀਰਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਡਾ. ਰਵਜੋਤ ਇਸ ਬਾਰੇ ਪਹਿਲਾਂ ਹੀ ਸਾਫ਼ ਕਰ ਚੁੱਕੇ ਹਨ ਕਿ ਇਹ ਤਸਵੀਰਾਂ AI ਨਾਲ ਬਣਾਈਆਂ ਹਨ ਪਰ ਮੈਂ ਸਮਝਦਾ ਹੈ ਕਿ ਇਸ ਹਲਕੇ ਪੱਧਰ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਹੈ।
ਅਰੋੜਾ ਨੇ ਕਿਹਾ ਕਿ ਮੰਤਰੀ ਰਵਜੋਤ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਹ ਤਸਵੀਰਾਂ ਉਨ੍ਹਾਂ ਦੀ ਸਾਬਕਾ ਪਤਨੀ ਨਾਲ AI ਦੀ ਵਰਤੋਂ ਕਰਕੇ ਬਣਾਈ ਗਈ ਹੈ। ਇਹ ਤਸਵੀਰਾਂ ਤਾਂ ਜਿਸ ਨੇ ਸਾਂਝੀਆਂ ਕੀਤੀਆਂ ਹਨ ਇਹ ਉਸ ਦੇ ਕਿਰਦਾਰ ਨੂੰ ਦੱਸਦੀਆਂ ਹਨ। ਇਸ ਮੌਕੇ ਅਰੋੜਾ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦਾ ਸੁੱਚਾ ਸਿੰਘ ਲੰਗਾਹ ਬਾਰੇ ਕੀ ਖ਼ਿਆਲ ਹੈ ?
ਇਸ ਮੌਕੇ ਅਰੋੜਾ ਨੇ ਕਿਹਾ ਕਿ ਕਿਸੇ ਨੂੰ ਵੀ ਇਹੋ ਜਿਹੀ ਹੋਝੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਤੇ ਜੇ ਮੀਜੀਠੀਆ ਸਮਾਜ ਦਾ ਠੇਕੇਦਾਰ ਬਣਿਆ ਹੋਇਆ ਹੈ ਤਾਂ ਇਹ ਦੱਸੇ ਕਿ ਉਸ ਕੋਲ ਅਜਿਹਾ ਕੁਝ ਚੋਣਾਂ ਤੋਂ 2 ਦਿਨ ਪਹਿਲਾਂ ਹੀ ਕਿਉਂ ਆਉਂਦਾ ਹੈ।
ਡਾ. ਰਵਜੋਤ ਨੇ ਕੀ ਕਿਹਾ ?
ਡਾ. ਰਵਜੋਤ ਨੇ ਕਿਹਾ ਹੈ ਕਿ ਲੁਧਿਆਣਾ ਉਪ-ਚੋਣ ਵਿੱਚ AAP ਦੀ ਸ਼ਾਨਦਾਰ ਜਿੱਤ ਵੇਖ ਕੇ ਵਿਰੋਧੀ ਧਿਰ ਇੰਨੀ ਬੌਖਲਾ ਗਈ ਹੈ ਕਿ ਉਸ ਦੇ ਆਗੂਆਂ ਨੇ ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਨ੍ਹਾਂ ਦੇ ਕੁਝ ਆਗੂ ਮੇਰੀ ਸਾਬਕਾ ਪਤਨੀ ਨਾਲ ਮੇਰੀਆਂ ਨਿੱਜੀ ਤਸਵੀਰਾਂ ਨੂੰ AI ਦੀ ਮਦਦ ਨਾਲ ਐਡਿਟ ਕਰਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਰਹੇ ਹਨ। ਇਨ੍ਹਾਂ ਨੇ ਮੈਨੂੰ ਨਿਸ਼ਾਨਾ ਇਸ ਲਈ ਬਣਾਇਆ ਕਿਉਂਕਿ ਮੈਂ ਇੱਕ ਦਲਿਤ ਪਰਿਵਾਰ ਨਾਲ ਸਬੰਧ ਰੱਖਦਾ ਹਾਂ ਤੇ ਪੰਜਾਬ ਦੀ ਜਨਤਾ ਨੇ ਇਨ੍ਹਾਂ ਦੀ ਗੁੰਡਾਗਰਦੀ ਤੇ ਭ੍ਰਿਸ਼ਟ ਸਿਆਸਤ ਨੂੰ ਹਰਾ ਕੇ ਮੈਨੂੰ ਚੁਣਿਆ ਹੈ। ਇਹ ਹਰਕਤ ਸਿਰਫ ਮੇਰੀ ਨਹੀਂ, ਸਗੋਂ ਇੱਕ ਔਰਤ ਦੀ ਇੱਜ਼ਤ ਨੂੰ ਵੀ ਠੇਸ ਪਹੁੰਚਾਉਣ ਵਾਲੀ ਹੈ ਤੇ ਸਮਾਜ ਵਿੱਚ ਔਰਤਾਂ ਪ੍ਰਤੀ ਇਨ੍ਹਾਂ ਦੀ ਅਸਲ ਸੋਚ ਨੂੰ ਬੇਨਕਾਬ ਕਰਦੀ ਏ। ਇਹ ਸਿਰਫ ਨਿੱਜੀ ਹਮਲਾ ਨਹੀਂ, ਸਗੋਂ ਜਾਤੀ ਤੇ ਸਿਆਸੀ ਸਾਜ਼ਿਸ਼ ਏ।
ਡਾ. ਰਵਜੋਤ ਨੇ ਕਿਹਾ ਕਿ ਲੁਧਿਆਣਾ ਉਪ-ਚੋਣ ਤੋਂ ਠੀਕ ਦੋ ਦਿਨ ਪਹਿਲਾਂ ਇਹ ਗਿਰੀ ਹੋਈ ਹਰਕਤ ਸਾਬਤ ਕਰਦੀ ਏ ਕਿ AAP ਤੋਂ ਬੁਰੀ ਤਰ੍ਹਾਂ ਹਾਰ ਦਾ ਡਰ ਵਿਰੋਧੀ ਧਿਰ ਨੂੰ ਗਲਤ ਹਰਕਤਾਂ ਕਰਨ ਲਈ ਮਜਬੂਰ ਕਰ ਰਿਹਾ ਏ। ਮੈਂ ਇਸ ਘਟੀਆ ਸਾਜ਼ਿਸ਼ ਤੇ ਝੂਠ ਫੈਲਾਉਣ ਵਾਲੇ ਹਰ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਜਾ ਰਿਹਾ ਹਾਂ। ਮੈਂ FIR ਵੀ ਕਰਵਾਵਾਂਗਾ ਤੇ ਮਾਨਹਾਨੀ ਦਾ ਮੁਕੱਦਮਾ ਵੀ ਕਰਾਂਗਾ।