Punjab News: ਦਿੱਲੀ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤ ਚੋਂ ਲਾਭੇ ਹੋਣ ਤੋਂ ਬਾਅਦ ਹੁਣ ਪੰਜਾਬ ਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਉੱਤੇ ਆ ਗਈ ਹੈ। ਪੰਜਾਬ ਵਿੱਚ ਭਲਕੇ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵੱਲੋਂ ਵੱਡੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। ਮਨਜਿੰਦਰ ਸਿਰਸਾ ਨੇ ਤਾਂ ਇਸ ਨੂੰ ਲੈ ਕੇ ਜਾਂਚ ਦੀ ਵੀ ਮੰਗ ਕੀਤੀ ਹੈ।
ਦਰਅਸਲ, ਭਾਜਪਾ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਆਮ ਆਦਮੀ ਪਾਰਟੀ ਨੇ ਕੈਬਨਿਟ ਮੀਟਿੰਗ ਦੀਆਂ ਤਸਵੀਰਾਂ ਸਾਂਝੀਆਂ ਨਹੀਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਤਾਂ ਹੈ ਜੋ ਛੁਪਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿਹਾ ਕਿ ਇਸ ਵਿੱਚ ਕੋਈ ਦਿੱਲੀ ਦਾ ਲੀਡਰ ਵੀ ਸ਼ਾਮਲ ਹੋ ਸਕਦਾ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਇਹ ਸ਼ਾਇਦ ਪੰਜਾਬ ਦੀ 'ਆਪ' ਸਰਕਾਰ ਦੇ ਪਿਛਲੇ ਤਿੰਨ ਸਾਲਾਂ ਵਿੱਚ ਪਹਿਲੀ ਵਾਰ ਹੈ ਕਿ ਕੱਲ੍ਹ ਮੁੱਖ ਮੰਤਰੀ ਦੇ ਨਿਵਾਸ 'ਤੇ ਹੋਈ ਕੈਬਨਿਟ ਮੀਟਿੰਗ ਦੀ ਕੋਈ ਤਸਵੀਰ ਜਾਰੀ ਨਹੀਂ ਕੀਤੀ ਗਈ ਹੈ। ਉਹ ਵੀ ਇੱਕ ਅਜਿਹੀ ਸਰਕਾਰ ਦੁਆਰਾ ਜੋ ਪ੍ਰਚਾਰ ਅਤੇ ਝੂਠੇ ਪ੍ਰਚਾਰ 'ਤੇ ਚੱਲਦੀ ਹੈ। ਕੀ ਇਹ ਇਸ ਲਈ ਹੈ ਕਿਉਂਕਿ ਇਸ ਮੀਟਿੰਗ ਵਿੱਚ ਕੋਈ ਅਜਿਹਾ ਵਿਅਕਤੀ ਮੌਜੂਦ ਸੀ ਜਿਸਦੀ ਪਛਾਣ ਸਰਕਾਰ ਪ੍ਰਗਟ ਨਹੀਂ ਕਰਨਾ ਚਾਹੁੰਦੀ। ਕੁਝ ਅਜਿਹਾ ਹੈ ਜਿਸਨੂੰ ਛੁਪਾਇਆ ਜਾ ਰਿਹਾ ਹੈ।
ਦਿੱਲੀ ਤੋਂ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਕੈਬਨਿਟ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਿਵਾਸ ਸਥਾਨ 'ਤੇ ਹੋਈ, ਪਰ 3 ਸਾਲਾਂ ਵਿੱਚ ਪਹਿਲੀ ਵਾਰ ਕੋਈ ਵੀ ਫੋਟੋ ਜਾਰੀ ਨਹੀਂ ਕੀਤੀ ਗਈ! ਪ੍ਰਚਾਰ 'ਤੇ ਚੱਲਣ ਵਾਲੀ ਸਰਕਾਰ ਅਚਾਨਕ ਚੁੱਪ ਹੋ ਗਈ ਹੈ।
ਇਹ ਪਤਾ ਲੱਗਾ ਹੈ ਕਿ 'ਆਪ' ਦਿੱਲੀ ਦਾ ਕੋਈ ਵਿਅਕਤੀ ਮੀਟਿੰਗ ਵਿੱਚ ਮੌਜੂਦ ਸੀ, ਜਿਸਦੀ ਪਛਾਣ ਉਹ ਛੁਪਾਉਣਾ ਚਾਹੁੰਦੇ ਹਨ। ਇਹ ਕੈਬਨਿਟ ਦੁਆਰਾ ਲਈ ਗਈ ਗੁਪਤਤਾ ਸਹੁੰ ਦੀ ਸਿੱਧੀ ਉਲੰਘਣਾ ਹੈ। ਮੈਂ ਮਾਣਯੋਗ ਪੰਜਾਬ ਦੇ ਰਾਜਪਾਲ ਨੂੰ ਤੁਰੰਤ ਜਾਂਚ ਕਰਨ ਅਤੇ ਦਖਲ ਦੇਣ ਅਤੇ ਆਮ ਆਦਮੀ ਪਾਰਟੀ ਦੇ ਅਜਿਹੇ ਗੈਰ-ਸੰਵਿਧਾਨਕ ਕੰਮਾਂ ਵਿਰੁੱਧ ਕਾਰਵਾਈ ਕਰਨ ਦੀ ਬੇਨਤੀ ਕਰਦਾ ਹਾਂ।
ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਜੋ ਕੈਬਨਿਟ ਮੀਟਿੰਗ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ ਉਸ ਵਿੱਚ ਸਾਰੇ ਪੰਜਾਬ ਦੇ ਮੰਤਰੀ ਹੀ ਦਿਖਾਈ ਦੇ ਰਹੇ ਹਨ, ਉਸ ਵਿੱਚ ਕੋਈ ਬਾਹਰੀ ਵਿਅਕਤੀ ਦੀ ਸ਼ਮੂਲੀਅਤ ਤਾਂ ਸਾਹਮਣੇ ਨਹੀਂ ਆਈ ਹੈ ਪਰ ਵਿਰੋਧੀ ਧਿਰਾਂ ਨੇ ਇਸ ਨੂੰ ਲੈ ਕੇ ਸਵਾਲ ਜ਼ਰੂਰ ਖੜ੍ਹੇ ਕੀਤੇ ਹਨ।