ਚੰਡੀਗੜ੍ਹ: ਵੀਰਵਾਰ ਨੂੰ ਨਾਜਇਜ਼ ਮਾਈਨਿੰਗ ਕਰ ਰਹੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸੰਦੋਆ 'ਤੇ ਹਮਲਾ ਕੀਤਾ ਸੀ। ਅੱਜ 'ਏਬੀਪੀ ਸਾਂਝਾ' ਦੀ ਟੀਮ ਨੇ ਨੂਰਪੁਰ ਬੇਦੀ ਦੇ ਪਿੰਡ ਬੇਈਂ ਹਾਰਾ ਪਹੁੰਚ ਕੇ ਸਾਰੇ ਮਾਮਲੇ ਦਾ ਸੱਚ ਜਾਣਿਆ ਜਿੱਥੇ ਇਹ ਘਟਨਾ ਵਾਪਰੀ ਸੀ।   ਤਹਿਕੀਕਾਤ ਵਿੱਚ ਸਭ ਤੋਂ ਅਹਿਮ ਤੱਥ ਇਹ ਸਾਹਮਣੇ ਆਇਆ ਕਿ ਜਿਸ ਥਾਂ ਝਗੜਾ ਹੋਇਆ, ਉਹ ਬੇਈਂ ਹਾਰਾ ਪਿੰਡ ਦੀ ਸ਼ਾਮਲਾਟ ਜ਼ਮੀਨ ਹੈ। ਪਿੰਡ ਦੇ ਸਾਬਕਾ ਸਰਪੰਚ ਪਿਆਰਾ ਸਿੰਘ ਮੁਤਾਬਕ ਜ਼ਮੀਨ ਸ਼ਾਮਲਾਟ ਦੀ ਹੈ। ਪਿੰਡ ਨੇ ਨਜ਼ਾਇਜ਼ ਮਾਈਨਿੰਗ ਰੁਕਵਾਉਣ ਲਈ ਹਾਈਕੋਰਟ ਵੀ ਕੇਸ ਪਾਇਆ ਹੋਇਆ ਹੈ। ਪਤਾ ਲੱਗਾ ਕਿ ਅਜਵਿੰਦਰ ਸਿੰਘ ਨਜ਼ਾਇਜ਼ ਮਾਈਨਿੰਗ ਨਾਲ ਜੁੜੀਆਂ ਸਭ ਚੀਜ਼ਾਂ ਵਿੱਚ ਸ਼ਾਮਲ ਹੈ। ਸੰਦੋਆ ਤੇ ਅਜਵਿੰਦਰ ਪਹਿਲਾਂ ਪੱਕੇ ਦੋਸਤ ਸੀ। ਹੁਣ ਉਨ੍ਹਾਂ ਦੀ ਵਿਗੜ ਗਈ ਹੈ। ਅਜਵਿੰਦਰ ਨੇ ਚੋਣਾਂ ਵਿੱਚ ਸੰਦੋਆ ਦੀ ਮਦਦ ਵੀ ਕੀਤੀ ਸੀ। ਅਜਵਿੰਦਰ ਦੇ ਇਲਾਕੇ ਵਿੱਚ ਕਰਾਸ਼ਰ ਹਨ। ਉਹ ਲੰਮੇ ਸਮੇਂ ਤੋਂ ਮਾਇਨਿਗ ਤੇ ਰੇਤ ਬਜਰੀ ਦੇ ਕੰਮ ਵਿੱਚ ਹੈ। ਦੱਸਣਯੋਗ ਹੈ ਕਿ ਸ਼ਾਮਲਾਟ ਜ਼ਮੀਨ ਪਿੰਡ ਦੀ ਸਾਂਝੀ ਜ਼ਮੀਨ ਹੁੰਦੀ ਹੈ। ਉਸ 'ਤੇ ਪੂਰੇ ਪਿੰਡ ਦੀ ਸਹਿਮਤੀ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ ਪਰ ਇੱਥੇ ਮਈਨਿੰਗ ਹੋ ਰਹੀ ਸੀ। ਇਸ ਤੋਂ ਸਪਸ਼ਟ ਹੈ ਕਿ ਅਜਵਿੰਦਰ ਪੂਰੀ ਧੱਕੇਸ਼ਾਹੀ ਨਾਲ ਮਾਇਨਿੰਗ ਕਰ ਰਿਹਾ ਸੀ।