ਡਾ. ਧਰਮਵੀਰ ਗਾਂਧੀ ਨੇ ਕਿਹਾ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਬਾਰੇ ਲੋਕਾਂ ਦੇ ਮਨਾਂ ਵਿੱਚ ਅੱਜ ਵੀ ਸ਼ੰਕੇ ਹਨ। ਇਸ ਲਈ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਕੈਪਟਨ ਦੀ ਹੋਈ ਮੌਤ ਬਾਰੇ ਜੋ ਜਾਂਚ ਕੀਤੀ ਗਈ ਸੀ, ਉਹ ਨਸ਼ਰ ਕੀਤੀ ਜਾਵੇ।
ਡਾ. ਗਾਂਧੀ ਨੇ ਕਿਹਾ ਕਿ ਕੈਪਟਨ ਕੰਵਲਜੀਤ ਸਿੰਘ ਦੀ ਮੌਤ ਸਮੇਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ। ਆਪਣੇ ਹੀ ਮੰਤਰੀ ਦੀ ਹੋਈ ਮੌਤ ਸਬੰਧੀ ਉਸ ਵੇਲੇ ਦੀ ਅਕਾਲੀ ਸਰਕਾਰ ਵੱਲੋਂ ਸਹੀ ਜਾਂਚ ਨਹੀਂ ਕਰਾਈ ਗਈ। ਇਸ ਕਰਕੇ ਉਸ ਸਮੇਂ ਦੀ ਅਕਾਲੀ ਸਰਕਾਰ ’ਤੇ ਵੀ ਸਵਾਲੀਆ ਚਿੰਨ੍ਹ ਲੱਗਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲ ਅੱਜ ਵੀ ਇਸ ਸਬੰਧੀ ਰਿਪੋਰਟ ਪਈ ਹੋਵੇਗੀ।
ਉਨ੍ਹਾਂ ਕਿਹਾ ਕਿ ਉਹ ਰਿਪੋਰਟ ਨਸ਼ਰ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਆਖ਼ਰ ਉਨ੍ਹਾਂ ਦੇ ਮਹਿਬੂਬ ਨੇਤਾ ਦੀ ਮੌਤ ਕਿਵੇਂ ਹੋਈ ਹੋਵੇਗੀ। ਡਾ. ਗਾਂਧੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਮੌਤ ਦੀ ਨਿਆਂਇਕ ਜਾਂਚ ਕਰਾਈ ਜਾਵੇ। ਉਨ੍ਹਾਂ ਕਿਹਾ ਕਿ ਜੇ ਉਹ ਜਿੱਤ ਕੇ ਪਾਰਲੀਮੈਂਟ ਵਿਚ ਮੁੜ ਜਾਂਦੇ ਹਨ ਤਾਂ ਉਹ ਇਸ ਸਬੰਧੀ ਉੱਚ ਪੱਧਰੀ ਜਾਂਚ ਵੀ ਕਰਾਉਣਗੇ।