Navjot Sidhu: ਕਾਂਗਰਸੀ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਨੂੰ ਕਿਸ ਤੋਂ ਖਤਰਾ ਹੈ। ਇਹ ਚਰਚਾ ਸਿੱਧੂ ਵੱਲੋਂ ਪਟਿਆਲਾ ਜੇਲ੍ਹ ਤੋਂ ਬਾਹਰ ਲਿਜਾਉਣ ਸਮੇਂ ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਉਣ ਸਬੰਧੀ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਨੂੰ ਲਿਖੇ ਪੱਤਰ ਮਗਰੋਂ ਛਿੜੀ ਹੈ। ਸੋਸ਼ਲ ਮੀਡੀਆ ਉੱਪਰ ਇਹ ਚਿੱਠੀ ਵਾਇਰਲ ਹੋ ਰਹੀ ਹੈ।
ਸਿੱਧੂ ਦੇ ਟਵਿਟਰ ਹੈਂਡਲ ਉੱਪਰ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਨੂੰ ਲਿਖੀ ਹੋਈ ਚਿੱਠੀ ਜਨਤਕ ਕੀਤੀ ਤੇ ਉਨ੍ਹਾਂ ਦੀ ਟੀਮ ਨੇ ਲਿਖਿਆ ਸਿੱਧੂ ਦੀ ਸੁਰੱਖਿਆ ਸਬੰਧੀ ਕੌਣ ਜ਼ਿੰਮੇਵਾਰੀ ਲਵੇਗਾ? ਉਨ੍ਹਾਂ ਚਿੱਠੀ 'ਚ ਲਿਖਿਆ ਹੈ ਕਿ ਜੇਲ੍ਹ ਆਉਣ ਤੋਂ ਪਹਿਲਾਂ ਉਨ੍ਹਾਂ ਕੋਲ ਜ਼ੈੱਡ ਪਲੱਸ ਸੁਰੱਖਿਆ ਸੀ ਤੇ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਜਾਣ ਸਮੇਂ ਸੁਰੱਖਿਆ ਦੇ ਮੱਦੇਨਜ਼ਰ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਜਾਵੇ।
ਸਿੱਧੂ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਸਿੱਧੂ ਵੱਲੋਂ ਇਹ ਚਿੱਠੀ ਪਹਿਲਾਂ ਵੀ ਦਿੱਤੀ ਗਈ ਸੀ। ਉਨ੍ਹਾਂ ਮੁਤਾਬਕ ਸਿੱਧੂ ਨੂੰ ਮੈਡੀਕਲ ਨਿਰੀਖਣ ਲਈ ਰਜਿੰਦਰਾ ਹਸਪਤਾਲ 'ਚ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਨਹੀਂ ਦਿੱਤੀ ਗਈ। ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਨਾ ਕਰਵਾਉਣਾ ਹੈਰਾਨੀਜਨਕ ਹੈ।
ਇਸ ਸਬੰਧੀ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਟਵਿਟਰ ਖਾਤੇ 'ਤੇ ਲਿਖਿਆ ਹੈ ਕਿ 'ਨਵਜੋਤ ਸਿੰਘ ਸਿੱਧੂ ਕੱਲ੍ਹ ਕਿਸੇ ਰਸੂਖਦਾਰ ਦੁਆਰਾ ਕੀਤੇ ਹੋਏ ਭ੍ਰਿਸ਼ਟਾਚਾਰ ਦੇ ਕੇਸ 'ਚ ਬਤੌਰ ਗਵਾਹ ਲੁਧਿਆਣਾ ਕੋਰਟ 'ਚ ਪੇਸ਼ ਹੋਣਗੇ, ਉਨ੍ਹਾਂ ਨੂੰ ਹਰ ਸੰਭਵ ਸੁਰੱਖਿਆ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।''
ਦੱਸ ਦਈਏ ਕਿ ਉਨ੍ਹਾਂ ਨੂੰ ਲੁਧਿਆਣਾ ਦੀ ਅਦਾਲਤ ਵੱਲੋਂ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦੇ ਮਾਮਲੇ 'ਚ ਅਦਾਲਤ 'ਚ ਪਹਿਲਾਂ ਗਵਾਹੀ ਲਈ ਬੁਲਾਇਆ ਗਿਆ ਸੀ ਜਿਸ ਤਹਿਤ ਸਿੱਧੂ ਦੀ ਸੁਰੱਖਿਆ ਦੀ ਮੱਦੇਨਜ਼ਰ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਭੁਗਤਣ ਦੀ ਅਪੀਲ ਕੀਤੀ ਸੀ।