Punjab News: ਚੋਣ ਕਮਿਸ਼ਨ ਦੀ ਟੀਮ ਵੱਲੋਂ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੇ ਸਰਕਾਰੀ ਨਿਵਾਸ ਕਪੂਰਥਲਾ ਹਾਊਸ 'ਤੇ ਛਾਪਾ ਮਾਰਨ ਤੋਂ ਬਾਅਦ, ਆਮ ਆਦਮੀ ਪਾਰਟੀ ਨੇ ਭਾਜਪਾ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਇੱਕ ਪਾਸੇ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਭਾਜਪਾ 'ਤੇ ਸਵਾਲ ਖੜ੍ਹੇ ਕੀਤੇ ਹਨ, ਉੱਥੇ ਹੀ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਭਾਜਪਾ 'ਤੇ ਨਿਸ਼ਾਨਾ ਸਾਧ ਰਹੇ ਹਨ। ਹੁਣ ਸੀਐਮ ਭਗਵੰਤ ਮਾਨ ਨੇ ਵੀ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਅੱਜ ਦਿੱਲੀ ਵਿਖੇ ਮੇਰੇ ਮੁੱਖ ਮੰਤਰੀ ਦੀ ਰਿਹਾਇਸ਼ ਕਪੂਰਥਲਾ ਹਾਊਸ ਵਿੱਚ ਦਿੱਲੀ ਪੁਲਿਸ ਵੱਲੋਂ ਰੇਡ ਕੀਤੀ ਗਈ। ਪੂਰੇ ਘਰ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ ਗਈ। ਮੇਰੇ ਪਰਿਵਾਰ ਦੀਆਂ ਔਰਤਾਂ ਦੇ ਕੱਪੜਿਆਂ ਵਾਲੇ ਸੰਦੂਕ ਤੱਕ ਦੀ ਵੀ ਤਲਾਸ਼ੀ ਲਈ, ਕੀ ਮੈਨੂੰ ਦਸਣਗੇ ਕਿ ਕੀ ਮਿਲਿਆ ?
ਮਾਨ ਨੇ ਕਿਹਾ ਕਿ ਦਿੱਲੀ ਪੁਲਿਸ ਦੇ ਦਫ਼ਤਰ ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਬੀਜੇਪੀ ਵਾਲਿਆਂ ਦੇ ਘਰ ਹਨ, ਕਿ ਉਹ ਉਹਨਾਂ ਦੇ ਘਰ ਰੇਡ ਮਾਰਨ ਦੀ ਹਿੰਮਤ ਦਿਖਾਉਣਗੇ? ਜਾਂ ਸਿਰਫ ਆਮ ਆਦਮੀ ਪਾਰਟੀ ਅਤੇ ਪੰਜਾਬੀਆਂ ਦੇ ਨਾਲ ਹੀ ਅਜਿਹਾ ਕਰਨ ਦੀ ਇਜਾਜ਼ਤ ਮਿਲੀ ਹੋਈ ਹੈ। ਇਹ ਸਭ ਬੀਜੇਪੀ ਦੀ ਹਾਰ ਦੀ ਘਬਰਾਹਟ ਹੈ। ਇਸ ਤਰ੍ਹਾਂ ਇੱਕ ਮੁੱਖ ਮੰਤਰੀ ਦੇ ਘਰ 'ਤੇ ਰੇਡ ਮਾਰਨਾ ਬਹੁਤ ਹੀ ਨਿੰਦਣਯੋਗ ਹੈ।
ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਵੀ ਇਸ ਕਾਰਵਾਈ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਭਾਜਪਾ ਆਗੂ ਖੁੱਲ੍ਹੇਆਮ ਪੈਸੇ, ਜੁੱਤੇ, ਚਾਦਰਾਂ ਵੰਡ ਰਹੇ ਹਨ ਪਰ ਪੁਲਿਸ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੰਦੀ ਜਦੋਂ ਕਿ ਇੱਕ ਚੁਣੇ ਹੋਏ ਮੁੱਖ ਮੰਤਰੀ ਦੇ ਘਰ ਛਾਪਾ ਮਾਰਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਲੋਕ ਪੈਸੇ, ਸ਼ਰਾਬ, ਸੋਨੇ ਦੀਆਂ ਚੇਨਾਂ, ਰਾਸ਼ਨ ਵੰਡ ਰਹੇ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ।