Punjab News: ਪੰਜਾਬ 'ਚ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫਤਾਰੀ ਤੋਂ ਬਾਅਦ I.N.D.I.A ਗਠਜੋੜ 'ਚ ਸ਼ਾਮਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਦਰਾਰ ਵਧਦੀ ਜਾ ਰਹੀ ਹੈ। ਪੰਜਾਬ ਕਾਂਗਰਸ ਦੇ ਆਗੂ ਭਗਵੰਤ ਮਾਨ ਸਰਕਾਰ ਨੂੰ ਘੇਰਨ ਵਿੱਚ ਲੱਗੇ ਹੋਏ ਹਨ। ਦੋਵਾਂ ਪਾਰਟੀਆਂ ਦੇ ਆਗੂਆਂ ਵਿਚਾਲੇ ਸ਼ਬਦੀ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦਾ ਬਿਆਨ ਵੀ ਸਾਹਮਣੇ ਆਇਆ ਹੈ।


ਕੀ ਹੋਵੇਗਾ I.N.D.I.A ਗਠਜੋੜ ਦਾ ਭਵਿੱਖ ?


ਸ਼ੁੱਕਰਵਾਰ ਨੂੰ ਦਿੱਲੀ 'ਚ ਪ੍ਰੈੱਸ ਕਾਨਫਰੰਸ ਦੌਰਾਨ ਜਦੋਂ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮੀਡੀਆ ਨੇ ਪੁੱਛਿਆ ਕਿ ਪੰਜਾਬ 'ਚ ਕਾਂਗਰਸੀ ਵਿਧਾਇਕ ਦੀ ਗ੍ਰਿਫਤਾਰੀ ਤੋਂ ਬਾਅਦ I.N.D.I.A ਗਠਜੋੜ ਦਾ ਭਵਿੱਖ ਕੀ ਹੋਵੇਗਾ। ਇਸ ਬਾਰੇ ਕੇਜਰੀਵਾਲ ਨੇ ਕਿਹਾ ਕਿ ਮੈਂ ਇਸ ਬਾਰੇ ਸੁਣਿਆ ਹੈ ਪਰ ਮੈਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ ਆਮ ਆਦਮੀ ਪਾਰਟੀ I.N.D.I.A ਗਠਜੋੜ ਨਾਲ ਜੁੜੀ ਰਹੇਗੀ, ਆਪਣੇ ਗਠਜੋੜ ਧਰਮ ਨੂੰ ਪੂਰੀ ਤਰ੍ਹਾਂ ਨਿਭਾਏਗੀ। ਕੇਜਰੀਵਾਲ ਨੇ ਕਿਹਾ ਕਿ ਪੰਜਾਬ 'ਚੋਂ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਲਈ ਭਗਵੰਤ ਮਾਨ ਸਰਕਾਰ ਵਚਨਬੱਧ ਹੈ। ਕਿਉਂਕਿ ਨਸ਼ਿਆਂ ਨੇ ਨੌਜਵਾਨਾਂ ਨੂੰ ਤਬਾਹ ਕਰ ਦਿੱਤਾ ਹੈ।


ਕੌਣ ਹੋਵੇਗਾ I.N.D.I.A ਗਠਜੋੜ ਦਾ ਪ੍ਰਧਾਨ ਮੰਤਰੀ ਚਿਹਰਾ?


ਜਦੋਂ ਕੇਜਰੀਵਾਲ ਤੋਂ ਪੁੱਛਿਆ ਗਿਆ ਕਿ I.N.D.I.A ਗਠਜੋੜ ਤੋਂ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਕੌਣ ਹੋਵੇਗਾ। ਇਸ 'ਤੇ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਅਜਿਹੀ ਵਿਵਸਥਾ ਬਣਾਉਣੀ ਪਵੇਗੀ, ਜਿਸ ਨਾਲ ਭਾਰਤ ਦੇ 140 ਕਰੋੜ ਲੋਕ ਮਹਿਸੂਸ ਕਰਨ ਕਿ ਉਹ ਪ੍ਰਧਾਨ ਮੰਤਰੀ ਹਨ। ਸਾਨੂੰ ਲੋਕਾਂ ਨੂੰ ਸਸ਼ਕਤ ਕਰਨ ਲਈ ਕੰਮ ਕਰਨਾ ਹੋਵੇਗਾ ਨਾ ਕਿ ਕਿਸੇ ਇੱਕ ਵਿਅਕਤੀ ਨੂੰ।


ਕੀ ਰਹੀ ਕਾਂਗਰਸ ਦੀ  ਪ੍ਰਤੀਕਿਰਿਆ?


ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਬਾਰੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਸੀ ਕਿ ਜੇਕਰ ਕੋਈ ਬੇਇਨਸਾਫ਼ੀ ਕਰਦਾ ਹੈ ਤਾਂ ਉਹ ਜ਼ਿਆਦਾ ਦੇਰ ਬਰਦਾਸ਼ਤ ਨਹੀਂ ਕਰ ਸਕਦਾ। ਜੇਕਰ ਉਹ ਸਾਡੇ ਨਾਲ ਬੇਇਨਸਾਫ਼ੀ ਕਰਦੇ ਹਨ ਤਾਂ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਖਹਿਰਾ ਦੀ ਗ੍ਰਿਫਤਾਰੀ ਨੂੰ ਬਦਲੇ ਦੀ ਰਾਜਨੀਤੀ ਕਰਾਰ ਦਿੱਤਾ ਹੈ।