ਅਟਾਰੀ ਤੋਂ ਗਗਨਦੀਪ ਸ਼ਰਮਾ ਦੀ ਰਿਪੋਰਟ 


 

ਅਟਾਰੀ : ਭਾਰਤ ਵੱਲੋਂ ਅੱਜ ਮਨੁੱਖਤਾ ਦੇ ਆਧਾਰ 'ਤੇ ਪਾਕਿਸਤਾਨ ਰਸਤੇ ਅਫਗਾਨਿਸਤਾਨ ਨੂੰ ਭੇਜੀ ਜਾਣ ਵਾਲੀ 2000 ਮੀਟ੍ਰਿਕ ਟਨ ਕਣਕ ਦੀ ਖੇਪ ਤੇਜ਼ ਬਾਰਸ਼/ਖਰਾਬ ਮੌਸਮ ਦੀ ਭੇਟ ਚੜ ਗਈ ਤੇ ਅਫਗਾਨਿਸਤਾਨ ਨਹੀਂ ਭੇਜੀ ਜਾ ਸਕੀ। ਹੁਣ ਇਹ ਕਣਕ ਭਲਕੇ, ਜੇਕਰ ਮੌਸਮ ਸਹੀ ਰਹਿੰਦਾ ਹੈ ਤਾਂ ਦੂਣੀ ( 4000 ਮੀਟ੍ਰਿਕ ਟਨ) ਭੇਜੀ ਜਾਵੇਗੀ। ਅੱਜ ਅਟਾਰੀ ਵਿਖੇ ਭਾਰਤ ਸਰਕਾਰ ਦੀਆਂ ਸਾਰੀਆਂ ਏਜੰਸੀਆਂ, ਜਿਨਾਂ 'ਚ ਕਸਟਮ, ਲੈੰਡ ਪੋਰਟ ਅਥਾਰਟੀ ਆਫ ਇੰਡੀਆ ਤੇ ਬੀਅੇੈਸਅੇੈਫ ਅੱਜ ਪੂਰੀ ਤਿਆਰੀ ਕਰਕੇ ਬੈਠੇ ਸਨ ਕਿਉੰਕਿ ਭਾਰਤ ਵੱਲੋਂ ਬੀਤੀ ਰਾਤ ਹੀ ਅਫਗਾਨਿਸਤਾਨ ਨੂੰ ਭੇਜੀ ਜਾਣ ਵਾਲੀ ਕਣਕ ਅਟਾਰੀ ਆਈਸੀਪੀ 'ਚ ਪੁੱਜਦਾ ਕਰ ਦਿੱਤੀ ਗਈ ਸੀ। 
 

ਇਸ ਤੋਂ ਇਲਾਵਾ ਲੇਬਰ ਵੀ ਸਵੇਰੇ ਸੱਤ ਵਜੇ ਤੋਂ ਕਣਕ ਨੂੰ ਅਫਗਾਨਿਸਤਾਨ ਦੇ ਟਰੱਕਾਂ 'ਚ ਲੋਡ ਕਰਨ ਲਈ ਪੁੱਜ ਚੁੱਕੀ ਸੀ ਪਰ ਸਾਰਾ ਦਿਨ ਤੇਜ ਬਾਰਸ਼ ਕਾਰਨ ਖੇਪ ਭੇਜਣੀ ਸੰਭਵ ਨਹੀਂ ਹੋ ਸਕੀ। ਕਸਮਟ ਦੇ ਕਮਿਸ਼ਨਰ ਰਾਹੁਲ ਨਾਂਗਰੇ ਨੇ ਦੱਸਿਆ ਕਿ ਅਫਗਾਨਿਸਤਾਨ ਤੋਂ ਆਉਣ ਵਾਲੇ ਟਰੱਕ ਵੱਡੇ ਤੇ ਓਪਨ (ਖੁੱਲੇ) ਹੁੰਦੇ ਹਨ, ਜਿਸ ਕਰਕੇ ਕਣਕ ਖਰਾਬ ਹੋਣ ਦਾ ਖਦਸ਼ਾ ਸੀ ਤੇ ਟਰੱਕਾਂ ਨੂੰ ਭਰ ਨਹੀਂ ਸਕੇ ਤੇ ਟਰੱਕ ਵੀ ਅੱਜ ਪਾਕਿਸਤਾਨ ਵਾਲੇ ਪਾਸੇ ਹੀ ਖੜੇ ਰਹੇ। ਕਸਟਮ ਅਧਿਕਾਰੀਆਂ ਮੁਤਾਬਕ ਸਾਡੇ ਕੋਲ 15 ਜੁਲਾਈ ਤਕ ਕਣਕ ਭੇਜਣ ਦੀ ਪਰਮੀਸ਼ਨ ਹੈ ਤੇ ਹੁਣ ਕੱਲ 4000 ਮੀਟ੍ਰਿਕ ਟਨ ਕਣਕ ਲੋਡ ਕਰਕੇ ਭੇਜੀ ਜਾਵੇਗੀ, ਜੇਕਰ ਮੌਸਮ ਸਹੀ ਰਿਹਾ।

ਹੁਣ ਤਕ 36000 ਮੀਟ੍ਰਿਕ ਟਨ ਕਣਕ ਭੇਜ ਚੁੱਕਾ ਹੈ ਭਾਰਤ

ਵਰਲਡ ਫੂਡ ਪ੍ਰੋਗਰਾਮ ਤਹਿਤ ਭਾਰਤ ਵੱਲੋਂ ਕੀਤੇ ਵਾਦੇ ਮੁਤਾਬਕ ਭਾਰਤ ਨੇ ਇਨਸਾਨੀਅਤ ਦੇ ਨਾਤੇ ਅਫਗਾਨਿਸਤਾਨ ਦੇ ਹਾਲਾਤਾਂ ਨੂੰ ਦੇਖਦੇ ਤੇ ਕਣਕ ਦੀ ਕਮੀ ਕਾਰਨ ਅਫਗਾਨਿਸਤਾਨ ਨੂੰ 50000 ਮੀਟ੍ਰਿਕ ਟਨ ਕਣਕ ਭੇਜਣ ਦਾ ਵਾਦਾ ਕੀਤਾ ਸੀ ਤੇ ਬਕਾਇਦਾ ਪਾਕਿਸਤਾਨ ਤੋਂ ਟਰਾਂਜਿਟ ਰੂਟ ਵੀ ਮੰਗਿਆ ਸੀ, ਜਿਸ 'ਤੇ ਪਾਕਿਸਤਾਨ ਨੇ ਨਵੰਬਰ 2021 'ਚ ਰਜ਼ਾਮੰਦੀ ਦੇ ਦਿੱਤੀ ਸੀ ਤੇ ਭਾਰਤ ਨੇ ਪਹਿਲੀ ਖੇਪ 22 ਫਰਵਰੀ 2022 ਨੂੰ ਭੇਜ ਦਿੱਤੀ ਸੀ। ਭਾਰਤ ਵੱਲੋਂ ਕਣਕ ਤੋਂ ਇਲਾਵਾ ਅਫਗਾਨਿਸਤਾਨ ਨੂੰ ਦਵਾਈਆਂ ਤੇ ਕੋਵਿਡ ਵੈਕਸੀਨੇਸ਼ਨ ਵੀ ਭੇਜੀ ਜਾ ਚੁੱਕੀ ਹੈ

ਹਰ ਬੋਰੇ 'ਤੇ ਪਸ਼ਤੋ 'ਚ ਲਿਖਿਆ- ਭਾਰਤ ਵੱਲੋਂ ਅਫਗਾਨਿਸਤਾਨ ਦੇ ਲੋਕਾਂ ਨੂੰ ਪਿਆਰ ਦਾ ਤੋਹਫਾ

ਕੁਲੀ ਵੀ ਹੋਏ ਨਿਰਾਸ਼

ਪਾਕਿਸਤਾਨ ਨਾਲ ਵਪਾਰ ਬੰਦ ਹੋਣ 'ਤੇ ਸਭ ਤੋਂ ਵੱਧ ਪ੍ਰਭਾਵਤ ਹੋਏ ਕੁਲੀ ਹੁਣ ਅਫਗਾਨਿਸਤਾਨ ਨਾਲ ਚੱਲਣ ਵਾਲੇ ਥੋੜੇ ਬਹੁਤੇ ਵਪਾਰ ਤੇ ਇਸ ਕਣਕ ਦੀ ਖੇਪ 'ਤੇ ਨਿਰਭਰ ਹਨ ਤੇ ਅੱਜ ਸਵੇਰੇ ਦੇ ਆ ਕੇ ਕੁਲੀ ਇਸ ਖੇਪ ਨੂੰ ਲੋਡ ਕਰਨ ਲਈ ਚਾਰ ਵਜੇ ਤਕ ਬੈਠੇ ਰਹੇ ਪਰ ਕਿ ਖਾਲੀ ਹੱਥ ਪਰਤਣਾ ਪਿਆ। ਹੁਣ ਉਨਾਂ ਨੂੰ ਕੱਲ ਦੀ ਉਮੀਦ ਹੈ ਕਿ ਜੇਕਰ ਬਾਰਸ਼ ਰੁਕੀ ਤਾਂ ਕਣਕ ਦੀ ਲੋਡਿੰਵ ਕਰਕੇ ਉਹ ਦਿਹਾੜੀ ਕਮਾ ਸਕਣਗੇ।