Wheat Production: ਪੰਜਾਬ ਵਿੱਚ ਅਚਾਨਕ ਗਰਮੀ ਵਧਣ ਕਾਰਨ ਕਿਸਾਨ ਫਿਕਰਮੰਦ ਹੋ ਗਏ ਹਨ। ਕਿਸਾਨਾਂ ਨੂੰ ਖਦਸ਼ਾ ਹੈ ਕਿ ਫਰਵਰੀ ਵਿੱਚ ਹੀ ਪਾਰਾ 30 ਡਿਗਰੀ ਤੋਂ ਪਾਰ ਹੋਣ ਨਾਲ ਕਣਕ ਦਾ ਝਾੜ ਘਟ ਸਕਦਾ ਹੈ। ਕਿਸਾਨਾਂ ਦੀ ਚਿੰਤਾ ਨੂੰ ਵੇਖਦਿਆਂ ਖੇਤੀ ਵਿਗਿਆਨੀ ਵੀ ਫਸਲਾਂ ਦਾ ਮੁਆਇਨਾ ਕਰਨ ਲੱਗੇ ਹਨ। ਖੇਤੀ ਮਹਿਕਮੇ ਦੇ ਅਧਿਕਾਰੀਆਂ ਨੇ ਸਲਾਹ ਦਿੱਤੀ ਹੈ ਕਿ ਕਣਕ ਦੀ ਫਸਲ ਨੂੰ ਪਾਣੀ ਲਾਇਆ ਜਾਏ। ਇਸ ਨਾਲ ਗਰਮੀ ਦਾ ਅਸਰ ਘਟ ਜਾਏਗਾ ਤੇ ਝਾੜ ਉਪਰ ਅਸਰ ਨਹੀਂ ਪਏਗਾ।
ਪੰਜਾਬ ਦੇ ਖੇਤੀ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਗਰਮੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਸਾਨਾਂ ਨੂੰ ਤੁਰੰਤ ਕਣਕ ਸਮੇਤ ਹੋਰ ਹਾੜ੍ਹੀ ਦੀਆਂ ਫ਼ਸਲਾਂ ਨੂੰ ਪਾਣੀ ਦੇਣ ਦੀ ਸਲਾਹ ਦਿੱਤੀ ਹੈ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਹਿਲਾਂ ਮੌਸਮ ਵਿੱਚ ਖੁਸ਼ਕੀ ਤੇ ਹੁਣ ਇਕਦਮ ਪੈਣ ਲੱਗੀ ਗਰਮੀ ਦਾ ਕਿਸਾਨਾਂ ਨੂੰ ਟਾਕਰਾ ਕਰਨ ਦੀ ਜ਼ਰੂਰਤ ਹੈ ਤੇ ਫ਼ਸਲਾਂ ਨੂੰ ਪਾਣੀ ਦੇਣ ਤੋਂ ਬਿਲਕੁਲ ਸੁਸਤੀ ਨਹੀਂ ਵਰਤਣੀ ਚਾਹੀਦੀ।
ਉਂਝ, ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਜੇ ਰਾਤਾਂ ਠੰਢੀਆਂ ਰਹਿਣਗੀਆਂ ਤੇ ਦਿਨ ਦਾ ਪਾਰਾ 30 ਡਿਗਰੀ ਦੇ ਨੇੜੇ-ਤੇੜੇ ਰਹਿ ਸਕਦਾ ਹੈ। ਜੇਕਰ ਰਾਤਾਂ ਠੰਢੀਆਂ ਰਹਿੰਦੀਆਂ ਹਨ ਤਾਂ ਫਸਲਾਂ ਉਪਰ ਜ਼ਿਆਦਾ ਅਸਰ ਨਹੀਂ ਪਵੇਗਾ। ਇਸ ਦੇ ਨਾਲ ਹੀ ਜੇਕਰ ਅਗਲੇ ਦਿਨਾਂ ਵਿੱਚ ਬਾਰਸ਼ ਹੁੰਦੀ ਹੈ ਤਾਂ ਪਾਰਾ ਮੁੜ ਹੇਠਾਂ ਆ ਸਕਦਾ ਹੈ। ਖੇਤੀ ਮਾਹਿਰਾਂ ਮੁਤਾਬਕ ਅਗਲੇ ਦੋ ਹਫਤੇ ਕਣਕ ਦੀਆਂ ਫਸਲਾਂ ਲਈ ਬੇਹੱਦ ਅਹਿਮ ਹਨ। ਜੇਕਰ ਪਾਰਾ 30 ਡਿਗਰੀ ਤੋਂ ਹੇਠਾਂ ਰਹਿੰਦਾ ਹੈ ਤਾਂ ਨੁਕਸਾਨ ਤੋਂ ਬਚਾਅ ਹੀ ਰਹੇਗਾ।
ਮੌਸਮ ਵਿਭਾਗ ਦੇ ਵਿਗਿਆਨੀਆਂ ਮੁਤਾਬਕ ਆਉਣ ਵਾਲੇ ਪੂਰੇ ਹਫ਼ਤੇ ਪਾਰਾ 24 ਤੋਂ 25 ਡਿਗਰੀ ਸੈਂਟੀਗਰੇਡ ਰਹਿਣ ਦੀ ਉਮੀਦ ਹੈ ਤੇ ਦਿਨ ਵੇਲੇ ਧੁੱਪ ਤੇਜ਼ ਖਿੜੇਗੀ। ਇਸ ਵਾਰ ਮਾਲਵਾ ਖੇਤਰ ਵਿੱਚ ਭਰਵਾਂ ਮੀਂਹ ਨਾ ਪੈਣ ਕਰਕੇ ਧਰਤੀ ਖੁਸ਼ਕ ਹੋਈ ਪਈ ਹੈ, ਜਿਸ ਨਾਲ ਫ਼ਸਲਾਂ ਆਮ ਦੇ ਮੁਕਾਬਲੇ ਜਲਦੀ ਪਾਣੀ ਮੰਗਣ ਲੱਗ ਪਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਜਨਵਰੀ ਦੇ ਅੰਤ ਵਿੱਚ ਆਮ ਦਿਨਾਂ ਨਾਲੋਂ ਜ਼ਿਆਦਾ ਠੰਢ ਚੱਲ ਰਹੀ ਸੀ ਪਰ ਹੁਣ ਲਗਾਤਾਰ ਗਰਮੀ ਵੱਧ ਰਹੀ ਹੈ, ਉਸ ਹਿਸਾਬ ਨਾਲ ਫ਼ਸਲਾਂ ਨੂੰ ਪਾਣੀ ਜ਼ਿਆਦਾ ਦੇਣਾ ਪਵੇਗਾ।
ਖੇਤੀ ਮਾਹਿਰਾਂ ਮੁਤਾਬਕ ਇਸ ਵੇਲੇ ਹਾੜ੍ਹੀ ਦੀਆਂ ਫ਼ਲੀਦਾਰ ਫ਼ਸਲਾਂ ਵਿੱਚ ਦਾਣੇ ਬਣਨ ਲੱਗੇ ਹਨ, ਜਿਸ ਕਰਕੇ ਬੂਟਿਆਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ। ਕਣਕ ਸਮੇਤ ਸਰ੍ਹੋਂ, ਛੋਲਿਆਂ ਦੀ ਫ਼ਸਲ ਨੂੰ ਹੁਣ ਪਾਣੀ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ, ਜਿਸ ਕਰਕੇ ਉਨ੍ਹਾਂ ਨੂੰ ਪਾਣੀ ਦੇਣ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਕਰਨੀ ਚਾਹੀਦੀ। ਮਾਹਿਰਾਂ ਨੇ ਕਿਹਾ ਕਿ ਜਿਹੜੀਆਂ ਫ਼ਸਲਾਂ ਨੂੰ ਪਾਣੀ ਲੱਗਿਆਂ ਇੱਕ ਹਫ਼ਤਾ ਹੋ ਗਿਆ ਹੈ, ਉਨ੍ਹਾਂ ਨੂੰ ਹਾਲੇ ਠਹਿਰ ਕੇ ਪਾਣੀ ਦਿੱਤਾ ਜਾ ਸਕਦਾ ਹੈ।