ਚੰਡੀਗੜ੍ਹ: “ਅੱਜ ਜਦੋਂ ਬਾਦਲ ਪਰਿਵਾਰ ਦੀ ਸਿਆਸੀ ਤੌਰ ਤੇ ਲੰਮਾਂ ਸਮਾਂ ਭਾਈਵਾਲ ਰਹਿ ਚੁੱਕੀ ਜਮਾਤ ਬੀਜੇਪੀ-ਆਰ.ਐਸ.ਐਸ. ਦੇ ਹੁਕਮਰਾਨਾਂ ਨੇ ਸਮੁੱਚੇ ਮੁਲਕ ਵਿਚ ਆਪਣੀ ਸਿਆਸੀ ਤਾਕਤ ਨੂੰ ਕਾਇਮ ਰੱਖਣ ਅਤੇ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਖ਼ਾਲਸਾ ਪੰਥ ਵਿਚ ਵੰਡੀਆ ਪਾ ਕੇ ‘ਪਾੜੋ ਅਤੇ ਰਾਜ ਕਰੋ’ ਦੀ ਅੰਗਰੇਜ਼ਾਂ ਵਾਲੀ ਨੀਤੀ ਉਤੇ ਅਮਲ ਕਰਦੇ ਹੋਏ ਹਰਿਆਣੇ ਸੂਬੇ ਦੀ ਵੱਖਰੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਿਚ ਭੂਮਿਕਾ ਨਿਭਾਈ ਹੈ ਅਤੇ ਮੁਲਕ ਦੀ ਸੁਪਰੀਮ ਕੋਰਟ ਤੋਂ ਉਸਨੂੰ ਵੱਖ ਕਰਨ ਦਾ ਕਾਨੂੰਨੀ ਫੈਸਲਾ ਕਰਵਾ ਲਿਆ ਹੈ, ਤਾਂ ਹੁਣ ਬਾਦਲ ਪਰਿਵਾਰ ਕੋਲ ਕੋਈ ਵੀ ਇਖਲਾਕੀ, ਸਮਾਜਿਕ ਅਤੇ ਅਨੈਤਿਕ ਹੱਕ ਬਾਕੀ ਨਹੀ ਰਿਹਾ ਕਿ ਉਹ ਹੁਣ ਸਿੱਖ ਕੌਮ ਨੂੰ ਗੁੰਮਰਾਹ ਕਰਨ ਲਈ ਫੋਕੀ ਬਿਆਨਬਾਜੀ ਕਰਕੇ ਮਗਰਮੱਛ ਦੇ ਹੰਝੂ ਵਹਾਉਣ ਦੀ ਕਾਰਵਾਈ ਕਰਨ। ਜਦੋਂ ਉਹ ਤਾਕਤ ਵਿਚ ਸਨ ਤਾਂ ਜੇਕਰ ਉਹ ਸਿੱਖ ਕੌਮ ਅਤੇ ਪੰਜਾਬ ਸੂਬੇ ਲਈ ਸੁਹਿਰਦਤਾ ਰੱਖਦੇ ਸਨ, ਤਾਂ ਉਸ ਸਮੇਂ ਫੌਰੀ ਅਮਲ ਕਰਦੇ ਹੋਏ ਆਪਣੇ ਭਾਈਵਾਲਾਂ ਤੋਂ ਆਲ ਇੰਡੀਆ ਗੁਰਦੁਆਰਾ ਐਕਟ ਪਾਰਲੀਮੈਂਟ ਦੀ ਟੇਬਲ ਤੇ ਰੱਖਕੇ ਪਾਸ ਕਰਵਾਉਣ ਦੀ ਜਿ਼ੰਮੇਵਾਰੀ ਨਿਭਾਉਦੇ, ਫਿਰ ਤਾਂ ਕੋਈ ਸੰਜ਼ੀਦਗੀ ਨਜ਼ਰ ਆਉਦੀ । ਲੇਕਿਨ ਅੱਜ ਅਖ਼ਬਾਰਾਂ ਤੇ ਮੀਡੀਏ ਵਿਚ ਇਨ੍ਹਾਂ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣਨ ਉਤੇ ਰਾਮ ਰੌਲਾ ਪਾਉਣਾ ਬਿਲਕੁਲ ਵਿਅਰਥ ਅਤੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੇ ਅਮਲ ਹਨ ।”


ਇਹ ਵਿਚਾਰ ਈਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਆ ਵੱਲੋ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੱਖਰੇ ਕਰਨ ਅਤੇ ਮਾਨਤਾ ਦੇਣ ਦੇ ਸੁਪਰੀਮ ਕੋਰਟ ਵੱਲੋ ਆਏ ਫੈਸਲੇ ਉਪਰੰਤ ਚੀਕ-ਚਿਹਾੜਾ ਪਾਉਣ ਦੀ ਕਾਰਵਾਈ ਨੂੰ ਗੁੰਮਰਾਹਕੁੰਨ ਕਰਾਰ ਦਿੰਦੇ ਹੋਏ ਅਤੇ ਸਿੱਖ ਕੌਮ ਅੱਗੇ ਆਪਣੇ ਆਪ ਨੂੰ ਸੱਚੇ-ਸੁੱਚੇ ਸਾਬਤ ਕਰਨ ਦਾ ਡਰਾਮਾ ਰਚਾਉਣ ਦੀ ਗੱਲ ਕਰਦੇ ਹੋਏ ਇਨ੍ਹਾਂ ਦੀਆਂ ਗੈਰ-ਜਿ਼ੰਮੇਵਰਾਨਾ ਕਾਰਵਾਈਆ ਨੂੰ ਅਜਿਹੇ ਅਮਲਾਂ ਲਈ ਦੋਸ਼ੀ ਠਹਿਰਾਉਦੇ ਹੋਏ ਪ੍ਰਗਟ ਕੀਤੇ । 


ਉਨ੍ਹਾਂ ਕਿਹਾ ਕਿ ਜਦੋਂ ਇਹ ਤਾਕਤ ਦੇ ਨਸ਼ੇ ਵਿਚ ਸਨ ਅਤੇ ਸਮੁੱਚੀ ਸਿੱਖ ਕੌਮ ਭਾਵੇ ਉਹ ਪੰਜਾਬ, ਇੰਡੀਆਂ ਜਾਂ ਬਾਹਰਲੇ ਮੁਲਕਾਂ ਵਿਚ ਵਿਚਰ ਰਹੀ ਸੀ, ਵੱਲੋ ਇਹ ਜੋਰਦਾਰ ਆਵਾਜ ਉੱਠੀ ਸੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਨੂੰ ਹੋਂਦ ਵਿਚ ਲਿਆਂਦਾ ਜਾਵੇ । ਜਿਸ ਲਈ ਖਰੜਾ ਵੀ ਤਿਆਰ ਹੋ ਚੁੱਕਿਆ ਸੀ। ਲੇਕਿਨ ਉਸ ਸਮੇ ਇਹ ਬਾਦਲ ਪਰਿਵਾਰ ਨੇ ਜਿ਼ੰਮੇਵਾਰੀ ਪੂਰੀ ਕਰਨ ਦੀ ਬਜਾਇ ਇਹ ਪ੍ਰਚਾਰ ਸੁਰੂ ਕਰ ਦਿੱਤਾ ਕਿ ਜੋ ਕੁਝ ਸਾਡੇ ਕੋਲ ਹੈ ਉਸਨੂੰ ਸੰਭਾਲ ਲਈਏ ਆਲ ਇੰਡੀਆ ਗੁਰਦੁਆਰਾ ਐਕਟ ਲਈ ਬਾਹਰਲੇ ਸੂਬਿਆ ਦੇ ਸਿੱਖ ਅਤੇ ਬਾਹਰਲੇ ਮੁਲਕਾਂ ਦੇ ਸਿੱਖ ਸਾਨੂੰ ਸਾਥ ਦੇਣਗੇ ਜਾਂ ਨਹੀਂ, ਅਜਿਹੀਆ ਦਲੀਲਾਂ ਇਸ ਲਈ ਦਿੱਤੀਆ ਜਾ ਰਹੀਆ ਸਨ ਕਿਉਂਕਿ ਇਨ੍ਹਾਂ ਦੀ ਭਾਈਵਾਲ ਜਮਾਤ ਬੀਜੇਪੀ-ਆਰ.ਐਸ.ਐਸ. ਦੀ ਸੋਚ ਉਤੇ ਇਹ ਬਾਦਲ ਪਰਿਵਾਰ ਕੰਮ ਕਰ ਰਿਹਾ ਸੀ ਅਤੇ ਸਿਆਸੀ ਤਾਕਤ ਖ਼ਤਮ ਹੋਣ ਤੱਕ ਕਰਦਾ ਰਿਹਾ ਹੈ । ਅੱਜ ਇਨ੍ਹਾਂ ਵੱਲੋ ਗੈਰ ਦਲੀਲ ਬਿਆਨਬਾਜੀ ਕਰਨ ਦੀ ਕੋਈ ਤੁੱਕ ਨਹੀਂ ਬਣਦੀ ਬਲਕਿ ਆਪਣੀ ਆਤਮਾ ਤੋ ਇਹ ਪੁੱਛਣ ਕਿ ਉਨ੍ਹਾਂ ਨੇ ਬੀਤੇ ਸਮੇ ਵਿਚ ਕੌਮੀ ਜਿ਼ੰਮੇਵਾਰੀਆ ਨੂੰ ਸੰਜ਼ੀਦਗੀ ਨਾਲ ਨਿਭਾਇਆ ਹੈ ਜਾਂ ਨਹੀਂ ਤਾਂ ਉਨ੍ਹਾਂ ਨੂੰ ਸਹੀ ਜੁਆਬ ਮਿਲ ਜਾਵੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।