ਚੰਡੀਗੜ੍ਹ: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਪੁਲਿਸ ਜਾਂਚ ਜਿਵੇਂ-ਜਿਵੇਂ ਅੱਗੇ ਵਧ ਰਹੀ ਹੈ, ਨਵੀਆਂ ਉਲਝਣਾਂ ਸਾਹਮਣੇ ਆ ਰਹੀਆਂ ਹਨ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਹੁਣ ਤੱਕ ਮੂਸੇਵਾਲਾ ਕਤਲ ਕੇਸ ਵਿੱਚ 23 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਇਸੇ ਕੇਸ ਨਾਲ ਜੁੜੇ ਦੋ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮਨੂ ਕੁੱਸਾ ਤੇ ਜਗਰੂਪ ਸਿੰਘ ਉਰਫ਼ ਰੂਪਾ ਪਿੰਡ ਭਕਨਾ ਵਿੱਚ ਹੋਏ ਮੁਕਾਬਲੇ ਦੌਰਾਨ ਮਾਰੇ ਗਏ ਸਨ। 


ਪੰਜਾਬ ਪੁਲਿਸ ਨੇ ਲੰਘੇ ਦਿਨ ਹੀ ਦੀਪਕ ਮੁੰਡੀ ਤੇ ਉਸ ਦੇ ਦੋ ਸਾਥੀਆਂ ਨੂੰ ਨੇਪਾਲ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਨੂੰ ਪੰਜਾਬ ਲਿਆਂਦਾ ਗਿਆ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੁੰਡੀ ਤੇ ਕਪਿਲ ਦੋਵੇਂ ਇਕੱਠੇ ਰਹਿ ਰਹੇ ਸਨ ਤੇ ਕੈਨੇਡਾ ਆਧਾਰਿਤ ਗੈਂਗਸਟਰ ਗੋਲਡੀ ਬਰਾੜ (ਮੁੱਖ ਸਾਜ਼ਿਸ਼ਘਾੜਾ) ਦੇ ਨਿਰਦੇਸ਼ਾਂ ’ਤੇ ਆਪਣੇ ਟਿਕਾਣੇ ਬਦਲ ਰਹੇ ਸਨ। 


ਇਸ ਸਮੇਂ ਦੌਰਾਨ ਮੁੰਡੀ ਤੇ ਕਪਿਲ ਹਰਿਆਣਾ, ਰਾਜਸਥਾਨ, ਗੁਜਰਾਤ, ਯੂਪੀ ਤੇ ਪੱਛਮੀ ਬੰਗਾਲ ਸੂਬਿਆਂ ਵਿੱਚ ਰੁਕੇ ਤੇ ਕਿਹਾ ਕਿ ਜੋਕਰ, ਜੋ ਪਹਿਲਾਂ ਹੀ ਨੇਪਾਲ ਵਿੱਚ ਸੀ, ਪੱਛਮੀ ਬੰਗਾਲ ਵਿੱਚ ਸੁਰੱਖਿਅਤ ਦਾਖਲ ਹੋਣ ਲਈ ਮੁੰਡੀ ਤੇ ਕਪਿਲ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਨੇਪਾਲ ਵਿੱਚ ਸੁਰੱਖਿਅਤ ਥਾਂ ਲਿਜਾਣ ਲਈ ਆਇਆ ਸੀ। ਉਨ੍ਹਾਂ ਦੱਸਿਆ ਕਿ ਗੋਲਡੀ ਬਰਾੜ ਨੇ ਮੁੰਡੀ ਤੇ ਕਪਿਲ ਨੂੰ ਫ਼ਰਜ਼ੀ ਪਾਸਪੋਰਟਾਂ ’ਤੇ ਦੁਬਈ ਸੈਟਲ ਕਰਨ ਦਾ ਵਾਅਦਾ ਕੀਤਾ ਸੀ। ਉਕਤ ਦੋਵਾਂ ਨੂੰ ਨੇਪਾਲ ਜਾਂ ਥਾਈਲੈਂਡ ਵਿੱਚ ਆਪਣੇ ਜਾਅਲੀ ਪਾਸਪੋਰਟ ਮਿਲਣੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦੁਬਈ ਨਿਕਲ ਜਾਣਾ ਸੀ।


 


ਜਿੰਨਾ ਚਿਰ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੂੰ ਫਾਂਸੀ ਨਹੀਂ ਹੁੰਦੀ, ਉਦੋਂ ਤੱਕ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ: ਬਲਕੌਰ ਸਿੰਘ 


ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ, ‘‘ਦੀਪਕ ਮੁੰਡੀ ਤੇ ਉਸ ਦੇ ਸਾਥੀਆਂ ਦਾ ਫੜੇ ਜਾਣਾ ਕੋਈ ਵੱਡੀ ਗੱਲ ਨਹੀਂ, ਜਦੋਂ ਤੱਕ ਇਸ ਕਤਲ ਦੇ ਸਾਜ਼ਿਸ਼ਘਾੜੇ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੂੰ ਫਾਂਸੀ ਨਹੀਂ ਹੁੰਦੀ, ਉਦੋਂ ਤੱਕ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ।’’ 


ਉਨ੍ਹਾਂ ਕਿਹਾ ਕਿ ਗੈਂਗਸਟਰ ਕਾਨੂੰਨ ਦਾ ਭੇਤ ਪਾ ਚੁੱਕੇ ਹਨ ਤੇ ਸੌ-ਸੌ ਕੇਸ ਦਰਜ ਹੋਣ ਦੇ ਬਾਵਜੂਦ ਉਹ ਕਾਨੂੰਨੀ ਚੋਰ ਮੋਰੀਆਂ ਰਾਹੀਂ ਬਚ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਕਤਲ ਕਰਨੇ, ਧਮਕੀਆਂ ਦੇਣੀਆਂ ਤੇ ਫਿਰੌਤੀਆਂ ਮੰਗਣਾ ਇਨ੍ਹਾਂ ਗੈਂਗਸਟਰਾਂ ਦਾ ਧੰਦਾ ਹੈ ਤੇ ਲੋਕਾਂ ਵਿੱਚ ਸਹਿਮ ਪੈਦਾ ਕਰ ਕੇ ਇਹ ਸਰਕਾਰਾਂ ਦੇ ਬਰਾਬਰ ਆਪਣੇ ਧੰਦੇ ਚਲਾ ਰਹੇ ਹਨ। 


ਪੰਜਾਬੀ ਗਾਇਕ ਦੇ ਪਿਤਾ ਨੇ ਕਿਹਾ, ‘‘ਆਪਣੇ ਪੁੱਤ ਦੇ ਕਤਲ ਦਾ ਇਨਸਾਫ ਲੈਣ ਤੇ ਪੰਜਾਬ ਵਿੱਚ ਗੈਂਗਸਟਰ ਰਾਜ ਖ਼ਤਮ ਹੋਣ ਤੱਕ ਮੈਂ ਟਿਕ ਕੇ ਨਹੀਂ ਬੈਠਾਂਗਾ।’’ ਉਨ੍ਹਾਂ ਰੋਸ ਜਤਾਇਆ ਕਿ ਹਾਲੇ ਤੱਕ ਕਿਸੇ ਵੀ ਸਿਆਸਤਦਾਨ ਵੱਲੋਂ ਇਨ੍ਹਾਂ ਗੈਂਗਸਟਰਾਂ ਖ਼ਿਲਾਫ਼ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਉੱਪਰੋਂ ਬਾਹਰ ਬੈਠੇ ਗੋਲਡੀ ਬਰਾੜ ਵੱਲੋਂ ਨੇਪਾਲ ਬਾਰਡਰ ਤੋਂ ਫੜ ਕੇ ਪੰਜਾਬ ਲਿਆਂਦੇ ਜਾ ਰਹੇ ਦੀਪਕ ਮੁੰਡੀ ਨਾਲ ਸਹੀ ਵਿਹਾਰ ਕਰਨ ਲਈ ਡੀਜੀਪੀ ਪੰਜਾਬ ਤੇ ਜੇਲ੍ਹ ਮੰਤਰੀ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।