ਚੰਡੀਗੜ੍ਹ: ਨਾਭਾ ਜੇਲ੍ਹ ਵਿੱਚ ਬੰਦ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਮੁਲਜ਼ਮ ਤੇ ਡੇਰਾ ਸਿਰਸਾ ਦੇ ਪੈਰੋਕਾਰ ਮਹਿੰਦਰਪਾਲ ਬਿੱਟੂ ਦੀ ਹੱਤਿਆ ਤੋਂ ਬਾਅਦ ਪੰਜਾਬ ਸੁਰਖੀਆਂ ਵਿੱਚ ਹੈ। ਇਸ ਕਤਲ ਨੂੰ ਲੈ ਕੇ ਕਈ ਸਵਾਲ ਉੱਠ ਰਹੇ ਹਨ। ਚਰਚਾ ਹੈ ਕਿ ਇਹ ਕਤਲ ਧਾਰਮਿਕ ਜਜ਼ਬਾਤਾਂ ਕਰਕੇ ਹੋਇਆ ਹੈ। ਇਹ ਵੀ ਚਰਚਾ ਹੈ ਕਿ ਆਖਰ ਬੇਅਦਬੀ ਮਾਮਲੇ ਦੇ ਮੁਲਜ਼ਮ ਡੇਰਾ ਪ੍ਰੇਮੀ ਦਾ ਕਤਲ ਕਰਨ ਵਾਲੇ ਕੌਣ ਹਨ?


ਇਸ ਬਾਰੇ ਕੀਤੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਨੂੰ ਨਾਭਾ ਜੇਲ੍ਹ ਵਿੱਚ ਕੁੱਟ-ਕੁੱਟ ਕੇ ਮਾਰਨ ਵਾਲੇ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਸਧਾਰਨ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਗੁਰਸੇਵਕ ਸਿੰਘ ਵਾਸੀ ਝਿਊਰਹੇੜੀ (ਮੁਹਾਲੀ) ਦਾ ਵਸਨੀਕ ਹੈ। ਇਸ ਸਮੇਂ ਉਹ ਜੰਟਾ ਕਤਲ ਕੇਸ ਵਿੱਚ ਨਾਭਾ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ।

ਹਾਸਲ ਜਾਣਕਾਰੀ ਅਨੁਸਾਰ 7 ਜੁਲਾਈ 2014 ਦੀ ਦੇਰ ਸ਼ਾਮ ਮੁਹਾਲੀ ਨੇੜਲੇ ਪਿੰਡ ਕੰਬਾਲੀ ਦੇ ਮੌਲਾ ਸਰਵਿਸ ਸਟੇਸ਼ਨ ’ਤੇ ਪੁਰਾਣੀ ਰੰਜਿਸ਼ ਕਾਰਨ ਕਬੱਡੀ ਖਿਡਾਰੀ ਗੁਰਜੰਟ ਸਿੰਘ ਉਰਫ਼ ਜੰਟਾ (25) ਵਾਸੀ ਪਿੰਡ ਸਿਆਊ ਦਾ ਕਤਲ ਕਰ ਦਿੱਤਾ ਸੀ। ਇਸ ਸਬੰਧੀ ਗੁਰਸੇਵਕ ਸਿੰਘ ਸਮੇਤ 9 ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਸੋਹਾਣਾ ਵਿੱਚ 8 ਜੁਲਾਈ 2014 ਨੂੰ ਕੇਸ ਦਰਜ ਕੀਤਾ ਗਿਆ ਸੀ। ਪਿਛਲੇ ਸਾਲ 12 ਅਕਤੂਬਰ 2018 ਨੂੰ ਮੁਹਾਲੀ ਅਦਾਲਤ ਨੇ ਕਰੀਬ ਪੰਜ ਸਾਲ ਪਹਿਲਾਂ ਕਬੱਡੀ ਖਿਡਾਰੀ ਦੀ ਹੱਤਿਆ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਅੱਠ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਨ੍ਹਾਂ ਵਿੱਚ ਗੁਰਸੇਵਕ ਸਿੰਘ ਵੀ ਸ਼ਾਮਲ ਸੀ।

ਗੁਰਸੇਵਕ ਦੇ ਪਿਤਾ ਸੰਸਾਰਦੀਪ ਉਰਫ਼ ਕੁਲਦੀਪ ਸਿੰਘ ਵੀ ਖਾੜਕੂਵਾਦ ਸਮੇਂ ਪੂਰੇ ਸਰਗਰਮ ਰਹੇ ਹਨ। ਇਸ ਸਬੰਧੀ ਸੰਸਾਰਦੀਪ ਤੇ ਉਸ ਦੇ ਦੋਸਤ ਨੈਬ ਸਿੰਘ ਝਿਊਰਹੇੜੀ ਦੇ ਖ਼ਿਲਾਫ਼ ਖਰੜ ਸਦਰ ਥਾਣੇ ਵਿੱਚ ਅਤਿਵਾਦ ਰੋਕੂ ਐਕਟ ਦੀਆਂ ਵੱਖ ਵੱਖ ਧਰਾਵਾਂ ਤੇ ਟਾਂਡਾ ਤਹਿਤ ਸੰਨ 1995 ਵਿੱਚ ਕੇਸ ਦਰਜ ਕੀਤਾ ਗਿਆ ਸੀ, ਪਰ ਬਾਅਦ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਸਬੂਤਾਂ ਦੀ ਘਾਟ ਦੇ ਚੱਲਦਿਆਂ ਬਰੀ ਕਰ ਦਿੱਤਾ ਸੀ।

ਦੂਜਾ ਮੁਲਜ਼ਮ ਮਨਿੰਦਰ ਸਿੰਘ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਭਗੜਾਣਾ ਦਾ ਹੈ। ਪਤਾ ਲੱਗਾ ਹੈ ਕਿ ਮਨਿੰਦਰ ਸਿੰਘ ਵੈਲਡਿੰਗ ਦਾ ਕੰਮ ਕਰਦਾ ਸੀ। ਉਸ ਦਾ ਪਿਤਾ ਪਸ਼ੂ ਪਾਲਣ ਦਾ ਕੰਮ ਕਰਦਾ ਹੈ। ਉਸ ਦੀ ਮਾਤਾ ਨਰੇਗਾ ਵਿਚ ਕੰਮ ਕਰਦੀ ਹੈ। ਉਸ ਦੀ ਮਾਤਾ ਗੁਲਜ਼ਾਰ ਕੌਰ ਦਾ ਕਹਿਣਾ ਹੈ ਕਿ ਮਨਿੰਦਰ ਕਹਿੰਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਹਿਣ ਨਹੀਂ ਕੀਤੀ ਜਾਵੇਗੀ।

ਗੁਲਜ਼ਾਰ ਕੌਰ ਮੁਤਾਬਕ ਉਸ ਦੇ ਪੁੱਤਰ ਨੂੰ ਪਿਛਲੇ ਚਾਰ ਸਾਲ ਤੋਂ ਨਿਰਦੋਸ਼ ਹੋਣ ਦੇ ਬਾਵਜੂਦ ਜੇਲ੍ਹ ਵਿੱਚ ਰੱਖਿਆ ਗਿਆ ਹੈ। ਬੀਤੇ ਦਿਨ ਜੇਲ੍ਹ ਵਿੱਚ ਜੋ ਕੁਝ ਹੋਇਆ ਉਨ੍ਹਾਂ ਨੂੰ ਵੀ ਮੀਡੀਆ ਤੋਂ ਪਤਾ ਲੱਗਾ ਹੈ ਤੇ ਉਹ ਆਪਣੇ ਪੁੱਤਰ ਮਨਿੰਦਰ ਸਿੰਘ ਨਾਲ ਗੱਲ ਕਰਨ ਤੋਂ ਬਾਅਦ ਹੀ ਕੁਝ ਕਹਿਣਗੇ।