Who is Fateh Singh Baghi: ਉੱਤਰ ਪ੍ਰਦੇਸ਼ ਦੇ ਪੀਲੀਭੀਤ 'ਚ ਯੂਪੀ ਤੇ ਪੰਜਾਬ ਪੁਲਿਸ ਵੱਲੋਂ ਐਨਕਾਉਂਟਰ ਕਰਕੇ ਕਲਾਨੌਰ ਨਾਲ ਸਬੰਧਤ ਤਿੰਨ ਨੌਜਵਾਨਾਂ ਨੂੰ ਮਾਰਨ ਮਗਰੋਂ ਵਿਦੇਸ਼ ਰਹਿੰਦੇ ਫਤਿਹ ਸਿੰਘ ਬਾਗੀ ਦੀ ਚਰਚਾ ਜ਼ੋਰਾਂ ਉਪਰ ਹੈ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਐਨਕਾਉਂਟਰ ਵਿੱਚ ਮਾਰੇ ਗਏ ਤਿੰਨੇ ਨੌਜਵਾਨ ਖਾਲਿਸਤਾਨੀਆਂ ਦੇ ਸਪੰਰਕ ਵਿੱਚ ਸਨ ਤੇ ਇਨ੍ਹਾਂ ਦਾ ਹੈਂਡਲਰ ਫਤਿਹ ਸਿੰਘ ਬਾਗੀ ਸੀ।
ਇਸੇ ਲਈ ਹੀ ਮੰਗਲਵਾਰ ਨੂੰ ਤਰਨ ਤਾਰਨ ਸਥਿਤ ਫਤਿਹ ਸਿੰਘ ਬਾਗੀ ਦੇ ਘਰ 'ਤੇ ਰਾਸ਼ਟਰੀ ਸੁਰੱਖਿਆ ਏਜੰਸੀ (ਐਨਆਈਏ) ਨੇ ਛਾਪਾ ਮਾਰਿਆ। ਭਾਰਤੀ ਏਜੰਸੀਆਂ ਦਾ ਮੰਨਣਾ ਹੈ ਕਿ ਰਣਜੀਤ ਸਿੰਘ ਨੀਟਾ ਦੀ ਅਗਵਾਈ ਵਾਲੇ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ ਲਈ ਕੰਮ ਕਰਦਾ ਜਗਜੀਤ ਸਿੰਘ ਉਰਫ ਫਤਿਹ ਸਿੰਘ ਬਾਗੀ ਇਸ ਵੇਲੇ ਯੂਕੇ ਦੀ ਫੌਜ ਦਾ ਹਿੱਸਾ ਹੈ। ਉਹ ਉੱਥੇ ਫੌਜ ਵਿੱਚ ਕੰਮ ਕਰਦੇ ਹੋਏ ਹੀ ਪੰਜਾਬ ਵਿੱਚ ਅੱਤਵਾਦੀ ਹਮਲੇ ਕਰਵਾ ਰਿਹਾ ਹੈ।
ਇਸ ਲਈ ਮੰਗਲਵਾਰ ਨੂੰ ਤਰਨ ਤਾਰਨ ਦੇ ਪਿੰਡ ਮੀਆਂਪੁਰ ਵਿੱਚ ਐਨਆਈਏ ਨੇ ਰੇਡ ਕੀਤੀ। ਮੰਗਲਵਾਰ ਸਵੇਰੇ ਜਦੋਂ ਰੇਡ ਹੋਈ ਤਾਂ ਪੂਰੇ ਪਿੰਡ 'ਚ ਦਹਿਸ਼ਤ ਫੈਲ ਗਈ। ਐਨਆਈਏ ਦੀ ਟੀਮ ਨੇ ਫਤਿਹ ਸਿੰਘ ਬਾਗੀ ਦੀ ਮਾਤਾ ਤੇ ਪਿਤਾ ਤੋਂ ਵੀ ਪੁੱਛਗਿੱਛ ਕੀਤੀ। ਐਨਆਈਏ ਨੇ ਤਰਨ ਤਾਰਨ ਦੇ ਪਿੰਡ ਸਰਾਏ ਅਮਾਨਤ ਖਾਂ ਤੋਂ ਬਾਗੀ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਤੇ ਫਿਰ ਟੀਮ ਦਿੱਲੀ ਲਈ ਰਵਾਨਾ ਹੋ ਗਈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਵੀ ਬਾਗੀ ਦਾ ਪਤਾ ਲਾਉਣ ਲਈ ਆਪਣੇ ਪੱਧਰ 'ਤੇ ਕੰਮ ਕਰ ਰਹੀ ਹੈ।
ਕੌਣ ਹੈ ਫਤਿਹ ਸਿੰਘ ਬਾਗੀ?
ਹਾਸਲ ਜਾਣਕਾਰੀ ਅਨੁਸਾਰ ਫਤਿਹ ਸਿੰਘ ਬਾਗੀ ਪੜ੍ਹਾਈ ਲਈ ਵਿਦੇਸ਼ ਗਿਆ ਸੀ। ਬਾਗੀ ਦੇ ਪਿਤਾ ਜੋਗਿੰਦਰ ਸਿੰਘ ਤੇ ਦਾਦਾ ਜੀ ਦੋਵੇਂ ਭਾਰਤੀ ਫੌਜ ਵਿੱਚ ਸੇਵਾ ਨਿਭਾਅ ਚੁੱਕੇ। ਇਸ ਦੇ ਨਾਲ ਹੀ ਬਾਗੀ ਦਾ ਵੱਡਾ ਭਰਾ ਗੁਰਜੀਤ ਸਿੰਘ ਅਜੇ ਵੀ ਭਾਰਤੀ ਫੌਜ ਵਿੱਚ ਹੈ ਤੇ ਰਾਜਸਥਾਨ ਵਿੱਚ ਤਾਇਨਾਤ ਹੈ। ਬਾਗੀ ਦੀਆਂ ਤਿੰਨ ਪੀੜ੍ਹੀਆਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੀਆਂ ਆ ਰਹੀਆਂ ਹਨ।
ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਜਗਜੀਤ ਸਿੰਘ ਉਰਫ ਫਤਿਹ ਸਿੰਘ ਬਾਗੀ ਪਿਛਲੇ ਦਸ ਸਾਲਾਂ ਤੋਂ ਵਿਦੇਸ਼ ਵਿੱਚ ਰਹਿ ਰਿਹਾ ਹੈ। ਉਹ ਸਾਫਟਵੇਅਰ ਇੰਜਨੀਅਰਿੰਗ ਵਿੱਚ ਡਿਪਲੋਮਾ ਕਰਨ ਲਈ ਯੂਕੇ ਗਿਆ ਸੀ। ਕਰੀਬ 8 ਸਾਲ ਪਹਿਲਾਂ ਕਿਸੇ ਹੋਰ ਜਾਤੀ ਵਿੱਚ ਵਿਆਹ ਕਰਵਾਉਣ ਕਰਕੇ ਪਰਿਵਾਰ ਨੇ ਉਸ ਨੂੰ ਬੇਦਖਲ ਕਰ ਦਿੱਤਾ ਸੀ। ਉਸ ਤੋਂ ਬਾਅਦ ਉਹ ਬ੍ਰਿਟੇਨ ਦੀ ਫੌਜ 'ਚ ਭਰਤੀ ਹੋ ਗਿਆ ਤੇ ਉਥੋਂ ਜੰਗ ਲਈ ਅਫਗਾਨਿਸਤਾਨ ਵੀ ਗਿਆ ਸੀ।
ਪੰਜਾਬ ਪੁਲਿਸ ਤੇ ਭਾਰਤੀ ਏਜੰਸੀਆਂ ਦਾ ਦਾਅਵਾ ਹੈ ਕਿ ਬਾਗੀ ਭਾਰਤ ਵਿੱਚ ਹਮਲਾ ਕਰਵਾ ਰਿਹਾ ਹੈ। ਉਸ ਨੇ 16 ਅਕਤੂਬਰ 2024 ਨੂੰ ਪੰਜਾਬ ਦੇ ਲੁਧਿਆਣਾ ਵਿੱਚ ਸ਼ਿਵ ਸੈਨਾ ਆਗੂ ਯੋਗੇਸ਼ ਬਖਸ਼ੀ ਦੇ ਘਰ ਪੈਟਰੋਲ ਬੰਬ ਨਾਲ ਹਮਲਾ ਕਰਵਾਇਆ ਸੀ। ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਘਟਨਾ ਦਾ ਖੁਲਾਸਾ ਸੀਸੀਟੀਵੀ ਤੋਂ ਹੋਇਆ ਸੀ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਨੀਟਾ ਦੇ ਬੰਦਿਆਂ ਖਿਲਾਫ ਐਫਆਈਆਰ ਦਰਜ ਕੀਤੀ ਸੀ।
ਇਸ ਤੋਂ ਬਾਅਦ 1 ਨਵੰਬਰ ਨੂੰ ਦੁਪਹਿਰ ਕਰੀਬ 2.45 ਵਜੇ ਲੁਧਿਆਣਾ ਵਿੱਚ ਸ਼ਿਵ ਸੈਨਾ ਆਗੂ ਹਰਕੀਰਤ ਸਿੰਘ ਖੁਰਾਣਾ ਦੇ ਘਰ 'ਤੇ ਪੈਟਰੋਲ ਬੰਬ ਹਮਲਾ ਹੋਇਆ ਸੀ। ਪੁਲਿਸ ਮੁਤਾਬਕ ਇਹ ਹਮਲਾ ਵੀ ਪਾਕਿਸਤਾਨ ਵਿੱਚ ਲੁਕੇ ਖਾਲਿਸਤਾਨੀ ਰਣਜੀਤ ਸਿੰਘ ਉਰਫ਼ ਨੀਟਾ ਨੇ ਕਰਵਾਇਆ ਸੀ। ਰਣਜੀਤ ਸਿੰਘ ਨੀਟਾ ਦੇ ਮੁੱਖ ਹੈਂਡਲਰ ਜਗਜੀਤ ਸਿੰਘ ਉਰਫ ਫਤਿਹ ਸਿੰਘ ਬਾਗੀ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਇਸ ਮਗਰੋਂ 1 ਦਸੰਬਰ ਨੂੰ ਪੰਜਾਬ ਦੇ ਨਵਾਂਸ਼ਹਿਰ ਦੇ ਕਾਠਗੜ੍ਹ ਥਾਣੇ ਦੀ ਅੰਸਾਰ ਪੁਲਿਸ ਚੌਕੀ 'ਤੇ ਗ੍ਰਨੇਡ ਹਮਲਾ ਕੀਤਾ ਗਿਆ। ਇਹ ਹਮਲਾ ਵੀ ਨੀਟਾ ਨੇ ਹੀ ਕਰਵਾਇਆ ਸੀ। ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦਾ ਮੰਨਣਾ ਸੀ ਕਿ ਇਹ ਹਮਲਾ ਨੀਟਾ ਦੇ ਕਹਿਣ 'ਤੇ ਕੀਤਾ ਗਿਆ ਹੈ। ਫਿਰ 18 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ 'ਚ ਇੱਕ ਆਟੋ 'ਤੇ ਆਏ ਸ਼ੱਕੀਆਂ ਨੇ ਗ੍ਰਨੇਡ ਹਮਲਾ ਕੀਤਾ। ਇਹ ਹਮਲਾ ਬਖਸ਼ੀਵਾਲ ਚੌਕੀ 'ਤੇ ਕੀਤਾ ਗਿਆ।
ਪੁਲਿਸ ਦਾ ਦਾਅਵਾ ਹੈ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਪੀਲੀਭੀਤ ਵਿੱਚ ਇੱਕ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਹੈ। ਇਸ ਹਮਲੇ ਦੀ ਖਾਲਿਸਤਾਨੀ ਸੰਗਠਨ ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਸੀ। ਇਸੇ ਤਰ੍ਹਾਂ 20 ਦਸੰਬਰ ਨੂੰ ਪੰਜਾਬ ਦੇ ਗੁਰਦਾਸਪੁਰ 'ਚ ਬੰਗਾ ਵਡਾਲਾ ਪੁਲਿਸ ਚੌਕੀ 'ਤੇ ਗ੍ਰੇਨੇਡ ਹਮਲਾ ਕੀਤਾ ਗਿਆ। ਇਸ ਦੀ ਜ਼ਿੰਮੇਵਾਰੀ ਵੀ ਖਾਲਿਸਤਾਨ ਜ਼ਿੰਦਬਾਰ ਫੋਰਸ ਨੇ ਲਈ ਸੀ।