Dera Radha Swami: ਬਿਆਸ ਸਥਿਤ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉਤਰਾਧਿਕਾਰੀ ਐਲਾਨ ਦਿੱਤਾ ਹੈ। ਉਨ੍ਹਾਂ ਨੇ 45 ਸਾਲਾ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਹੈ। ਕੁਝ ਸਾਲ ਪਹਿਲਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੈਂਸਰ ਹੋ ਗਿਆ ਸੀ ਜਿਨ੍ਹਾਂ ਦਾ ਲੰਮਾ ਇਲਾਜ ਚੱਲਿਆ ਸੀ। ਇਸ ਦੇ ਨਾਲ ਹੀ ਉਹ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਹਨ। ਇਸ ਲਈ ਉਨ੍ਹਾਂ ਨੇ ਜਸਦੀਪ ਸਿੰਘ ਗਿੱਲ ਨੂੰ ਗੱਦੀ ਸੌਂਪ ਦਿੱਤੀ ਹੈ। 



ਆਖਰ ਕੌਣ ਨੇ ਨਵੇਂ ਮੁਖੀ ਜਸਦੀਪ ਸਿੰਘ ਗਿੱਲ ?
ਜਸਦੀਪ ਸਿੰਘ ਗਿੱਲ ਨੇ ਫਾਰਮਾਸਿਊਟੀਕਲ ਕੰਪਨੀ ਸਿਪਲਾ ਲਿਮਟਿਡ ਦੇ ਮੁੱਖ ਰਣਨੀਤੀ ਅਫਸਰ ਤੇ ਸੀਈਓ ਵਜੋਂ ਕੰਮ ਕੀਤਾ ਹੈ। ਉਹ 2019 ਵਿੱਚ ਸਿਪਲਾ ਵਿੱਚ ਸ਼ਾਮਲ ਹੋਏ ਤੇ 31 ਮਈ 2024 ਨੂੰ ਅਹੁਦਾ ਛੱਡ ਦਿੱਤਾ। 


ਉਹ ਐਥਰੀਸ ਤੇ ਅਚੀਰਾ ਲੈਬਜ਼ ਪ੍ਰਾਈਵੇਟ ਲਿਮਟਿਡ ਨਾਲ ਬੋਰਡ ਆਬਜ਼ਰਵਰ ਵਜੋਂ ਵੀ ਜੁੜੇ ਸੀ। ਉਹ ਮਾਰਚ 2024 ਤੱਕ ਵੈਲਥੀ ਥੈਰੇਪਿਊਟਿਕਸ ਦੇ ਬੋਰਡ ਮੈਂਬਰ ਰਹੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਰੈਨਬੈਕਸੀ ਵਿੱਚ ਸੀਈਓ ਦੇ ਕਾਰਜਕਾਰੀ ਸਹਾਇਕ ਤੇ ਕੈਮਬ੍ਰਿਜ ਯੂਨੀਵਰਸਿਟੀ ਐਂਟਰਪ੍ਰੀਨਿਓਰਜ਼ ਵਿੱਚ ਪ੍ਰਧਾਨ ਵਜੋਂ ਕੰਮ ਕੀਤਾ।


ਉਨ੍ਹਾਂ ਨੇ ਕੈਮਬ੍ਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਪੀਐਚਡੀ ਤੇ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਆਈਆਈਟੀ ਦਿੱਲੀ ਤੋਂ ਬਾਇਓਕੈਮੀਕਲ ਇੰਜੀਨੀਅਰਿੰਗ ਤੇ ਬਾਇਓਟੈਕਨਾਲੋਜੀ ਵਿੱਚ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ।



ਜਸਦੀਪ ਸਿੰਘ ਗਿੱਲ ਰਾਧਾ ਸੁਆਮੀ ਸਤਿਸੰਗ ਬਿਆਸ ਸੁਸਾਇਟੀ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਲੈਣਗੇ ਤੇ ਉਨ੍ਹਾਂ ਨੂੰ ਨਾਮ ਦੀਕਸ਼ਾ ਦੇਣ ਦਾ ਅਧਿਕਾਰ ਹੋਵੇਗਾ। ਬਾਬਾ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਹਜ਼ੂਰ ਮਹਾਰਾਜ ਜੀ ਤੋਂ ਬਾਅਦ ਉਨ੍ਹਾਂ ਨੂੰ ਸੰਗਤਾਂ ਦਾ ਭਰਪੂਰ ਸਹਿਯੋਗ ਤੇ ਪਿਆਰ ਮਿਲਿਆ। ਇਸੇ ਤਰ੍ਹਾਂ ਉਨ੍ਹਾਂ ਨੇ ਇਹ ਕਾਮਨਾ ਤੇ ਬੇਨਤੀ ਕੀਤੀ ਹੈ ਕਿ ਜਸਦੀਪ ਸਿੰਘ ਗਿੱਲ ਨੂੰ ਵੀ ਮੁਖੀ ਤੇ ਸੰਤ ਸਤਿਗੁਰੂ ਵਜੋਂ ਸੇਵਾ ਕਰਨ ਵਿੱਚ ਇਹੋ ਜਿਹਾ ਹੀ ਪਿਆਰ ਤੇ ਸਨੇਹ ਬਖ਼ਸ਼ਿਆ ਜਾਵੇ।