Pastor Bajinder:  ਮਸ਼ਹੂਰ ਪਾਦਰੀ ਬਜਿੰਦਰ ਇੱਕ ਵੱਡੇ ਵਿਵਾਦ ਵਿੱਚ ਘਿਰ ਗਿਆ ਹੈ। ਦਰਅਸਲ, ਮੋਹਾਲੀ ਦੀ ਇੱਕ ਅਦਾਲਤ ਨੇ ਉਸਨੂੰ 2018 ਦੇ ਬਲਾਤਕਾਰ ਮਾਮਲੇ ਵਿੱਚ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਤਾਂ ਆਓ ਜਾਣਦੇ ਹਾਂ ਕਿ ਇਹ ਬਜਿੰਦਰ ਕੌਣ ਹੈ ?

ਬਜਿੰਦਰ ਸਿੰਘ ਕੌਣ ਹੈ?

ਬਜਿੰਦਰ ਸਿੰਘ ਦਾ ਜਨਮ ਹਰਿਆਣਾ ਦੇ ਯਮੁਨਾ ਨਗਰ ਵਿੱਚ ਇੱਕ ਹਿੰਦੂ ਜਾਟ ਪਰਿਵਾਰ ਵਿੱਚ ਹੋਇਆ ਸੀ ਪਰ ਉਸਦੀ ਜ਼ਿੰਦਗੀ ਨੇ ਇੱਕ ਨਵਾਂ ਮੋੜ ਲਿਆ ਜਦੋਂ ਉਹ 15 ਸਾਲ ਪਹਿਲਾਂ ਇੱਕ ਕਤਲ ਦੇ ਮਾਮਲੇ ਵਿੱਚ ਜੇਲ੍ਹ ਗਿਆ ਤੇ ਉੱਥੇ ਉਸਨੇ ਈਸਾਈ ਧਰਮ ਅਪਣਾ ਲਿਆ। ਇਸ ਸਮੇਂ ਦੌਰਾਨ ਉਸਨੇ ਇੱਕ ਪਾਦਰੀ ਬਣਨ ਦਾ ਫੈਸਲਾ ਕੀਤਾ ਤੇ 2016 ਵਿੱਚ 'ਚਰਚ ਆਫ਼ ਗਲੋਰੀ ਐਂਡ ਵਿਜ਼ਡਮ' ਨਾਮਕ ਆਪਣੀ ਸੇਵਕਾਈ ਸ਼ੁਰੂ ਕੀਤੀ।

ਬਜਿੰਦਰ ਸਿੰਘ ਨੇ ਆਪਣੇ ਆਪ ਨੂੰ ਇੱਕ ਚਮਤਕਾਰੀ ਪਾਦਰੀ ਵਜੋਂ ਪੇਸ਼ ਕੀਤਾ ਤੇ ਦਾਅਵਾ ਕੀਤਾ ਕਿ ਉਹ ਬਿਮਾਰੀਆਂ ਨੂੰ ਠੀਕ ਕਰ ਸਕਦਾ ਹੈ। ਉਹ ਆਪਣੇ ਯੂਟਿਊਬ ਚੈਨਲ 'ਤੇ ਇਨ੍ਹਾਂ 'ਚਮਤਕਾਰਾਂ' ਦੀਆਂ ਵੀਡੀਓਜ਼ ਸਾਂਝੀਆਂ ਕਰਦਾ ਸੀ, ਜਿਸ ਵਿੱਚ ਉਹ ਆਪਣੇ ਦਰਸ਼ਕਾਂ ਨੂੰ ਯਕੀਨ ਦਿਵਾਉਂਦਾ ਸੀ ਕਿ ਉਹ ਐੱਚਆਈਵੀ, ਬੋਲ਼ੇਪਣ ਅਤੇ ਹੋਰ ਗੰਭੀਰ ਬਿਮਾਰੀਆਂ ਨੂੰ ਠੀਕ ਕਰ ਸਕਦਾ ਹੈ। ਇਹਨਾਂ ਵੀਡੀਓਜ਼ ਵਿੱਚੋਂ ਸਭ ਤੋਂ ਮਸ਼ਹੂਰ ਉਹਨਾਂ ਦਾ ਗੀਤ 'ਮੇਰਾ ਯਸ਼ੂ ਯਸ਼ੂ' ਦਾ ਪ੍ਰਦਰਸ਼ਨ ਸੀ, ਜਿਸਨੂੰ ਲੋਕਾਂ ਨੇ ਵੱਡੇ ਪੱਧਰ 'ਤੇ ਦੇਖਣਾ ਅਤੇ ਸਾਂਝਾ ਕਰਨਾ ਸ਼ੁਰੂ ਕਰ ਦਿੱਤਾ। ਇਸ ਕਾਰਨ, ਉਸਦਾ ਨਾਮ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਤੇ ਉਸਨੇ ਆਪਣੇ ਆਪ ਨੂੰ 'ਪਾਸਟਰ ਬਜਿੰਦਰ ਸਿੰਘ' ਦੇ ਨਾਮ ਨਾਲ ਪਛਾਣਿਆ।

ਬਲਾਤਕਾਰ ਦਾ ਮਾਮਲਾ ਤੇ ਸਜ਼ਾ

ਇਹ ਮਾਮਲਾ ਉਸ ਸਮੇਂ ਗੰਭੀਰ ਚਰਚਾ ਵਿੱਚ ਆਇਆ ਜਦੋਂ 2018 ਵਿੱਚ ਇੱਕ ਔਰਤ ਨੇ ਬਜਿੰਦਰ ਸਿੰਘ ਵਿਰੁੱਧ ਬਲਾਤਕਾਰ ਦਾ ਕੇਸ ਦਾਇਰ ਕੀਤਾ। ਔਰਤ ਨੇ ਦੋਸ਼ ਲਗਾਇਆ ਕਿ ਬਜਿੰਦਰ ਸਿੰਘ ਨੇ ਉਸਨੂੰ ਵਿਦੇਸ਼ ਭੇਜਣ ਦਾ ਵਾਅਦਾ ਕੀਤਾ ਤੇ ਫਿਰ ਮੋਹਾਲੀ ਸਥਿਤ ਆਪਣੇ ਘਰ ਵਿੱਚ ਉਸ ਨਾਲ ਬਲਾਤਕਾਰ ਕੀਤਾ। ਔਰਤ ਦੇ ਅਨੁਸਾਰ, ਉਸਨੇ ਇਸਦੀ ਵੀਡੀਓ ਵੀ ਬਣਾਈ ਅਤੇ ਬਾਅਦ ਵਿੱਚ ਉਸਨੂੰ ਧਮਕੀ ਦਿੱਤੀ ਕਿ ਜੇਕਰ ਉਸਨੇ ਉਸਦੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਤਾਂ ਉਹ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦੇਵੇਗਾ। 28 ਮਾਰਚ ਨੂੰ ਅਦਾਲਤ ਨੇ ਬਜਿੰਦਰ ਸਿੰਘ ਨੂੰ ਬਲਾਤਕਾਰ, ਹਮਲਾ ਅਤੇ ਧਮਕੀ ਦੇਣ ਦਾ ਦੋਸ਼ੀ ਠਹਿਰਾਇਆ ਅਤੇ ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ।