Punjab News: ਗਲਤ ਤਰੀਕੇ ਨਾਲ ਪੈਨਸ਼ਨਾਂ ਲੈਣ ਵਾਲਿਆਂ ਦੀ ਸ਼ਾਮਤ ਆ ਗਈ ਹੈ। ਸਰਕਾਰ ਹੁਣ ਇਨ੍ਹਾਂ ਲੋਕਾਂ ਤੋਂ ਪੈਨਸ਼ਨਾਂ ਦੇ ਪੈਸੇ ਰਿਕਵਰ ਕਰੇਗੀ। ਇਸ ਲਈ ਸਰਕਾਰ ਨੇ ਤਿਆਰੀ ਕਰ ਲਈ ਹੈ। ਇਲਜ਼ਾਮ ਲੱਗ ਰਹੇ ਹਨ ਕਿ ਪਿਛਲੀਆਂ ਸਰਕਾਰਾਂ ਵੇਲੇ ਬਹੁਤ ਸਾਰੇ ਲੋਕਾਂ ਨੇ ਗਲਤ ਤਰੀਕੇ ਨਾਲ ਪੈਨਸ਼ਨਾਂ ਲਈਆਂ ਹਨ। ਹੁਣ ਇਨ੍ਹਾਂ ਦੀ ਜਾਂਚ ਕਰਵਾਈ ਜਾ ਰਹੀ ਹੈ। 


ਸੂਤਰਾਂ ਮੁਤਾਬਕ ਪੰਜਾਬ 'ਚ ਵੱਖ-ਵੱਖ ਤਰ੍ਹਾਂ ਦੀ ਪੈਨਸ਼ਨ 'ਚ ਫਰਜ਼ੀਵਾੜੇ ਨੂੰ ਰੋਕਣ ਲਈ ਸਰਕਾਰ ਐਕਸ਼ਨ ਦੀ ਤਿਆਰੀ 'ਚ ਹੈ। ਸਮਾਜਿਕ ਸੁਰੱਖਿਆ ਵਿਭਾਗ ਨੇ ਬਜ਼ੁਰਗਾਂ, ਵਿਧਵਾਵਾਂ, ਨਿਰਭਰ ਬੱਚਿਆਂ ਤੇ ਅੰਗਹੀਣਾਂ ਦੀ ਪੈਨਸ਼ਨ ਲਈ ਕਰਵਾਏ ਸਰਵੇਖਣ ਦੌਰਾਨ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਗੈਰ-ਯੋਗ ਵਿਅਕਤੀਆਂ ਨੂੰ ਮਿਲਣ ਵਾਲੀ ਕੁੱਲ ਰਕਮ ਦਾ ਹਿਸਾਬ-ਕਿਤਾਬ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਜਲਦ ਹੀ ਇਹ ਰਾਸ਼ੀ ਵੀ ਵਸੂਲਣੀ ਸ਼ੁਰੂ ਕਰ ਦਿੱਤੀ ਜਾਵੇਗੀ।


ਸਮਾਜਿਕ ਸੁਰੱਖਿਆ ਵਿਭਾਗ ਦੀ ਮੰਤਰੀ ਡਾ. ਬਲਜੀਤ ਕੌਰ ਨੇ ਉਕਤ ਪੈਨਸ਼ਨ ਸਕੀਮ ਦੇ ਲਾਭਪਾਤਰੀਆਂ ਦਾ ਸਰਵੇਖਣ ਕਰਨ ਦੇ ਹੁਕਮ ਦਿੱਤੇ ਸਨ। ਸਰਵੇਖਣ 'ਚ ਇਹ ਗੱਲ ਸਾਹਮਣੇ ਆਈ ਸੀ ਕਿ 90248 ਲੋਕਾਂ ਦੀ ਮੌਤ ਹੋ ਗਈ, ਪਰ ਇਨ੍ਹਾਂ 'ਚੋਂ ਜ਼ਿਆਦਾਤਰ ਲੋਕਾਂ ਨੇ ਆਪਣੇ ਪਰਿਵਾਰਾਂ ਦੀ ਮੌਤ ਬਾਰੇ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਨਾਲ ਹੀ ਪੈਨਸ਼ਨ ਖਾਤਿਆਂ 'ਚ ਟਰਾਂਸਫ਼ਰ ਹੁੰਦੀ ਰਹੀ।


ਇਸ ਸਮੇਂ ਵਿਭਾਗ ਵਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਮ੍ਰਿਤਕ ਲਾਭਪਾਤਰੀਆਂ ਦੇ ਖਾਤੇ ਤੁਰੰਤ ਬੰਦ ਕੀਤੇ ਜਾਣ ਤੇ ਇਨ੍ਹਾਂ ਖਾਤਿਆਂ 'ਚ ਪਈ ਉਕਤ ਪੈਨਸ਼ਨ ਦੀ ਰਾਸ਼ੀ 21 ਅਕਤੂਬਰ ਤੱਕ ਵਾਪਸ ਸਰਕਾਰੀ ਖ਼ਜ਼ਾਨੇ 'ਚ ਜਮ੍ਹਾਂ ਕਰਵਾਈ ਜਾਵੇ, ਪਰ ਹੁਣ ਵਿਭਾਗ ਨੇ ਫ਼ੈਸਲਾ ਕੀਤਾ ਹੈ ਕਿ ਜੋ ਵਾਧੂ ਰਕਮ ਅਜਿਹੇ ਖਾਤਿਆਂ 'ਚ ਗਈ ਹੈ ਤੇ ਜੋ ਕਢਵਾਈ ਵੀ ਗਈ ਹੈ, ਉਹ ਸਾਰੀ ਰਕਮ ਸਬੰਧਤ ਲਾਭਪਾਤਰੀ ਦੇ ਨਾਮਜ਼ਦ (ਵਾਰਸ) ਤੋਂ ਵਸੂਲ ਕੀਤੀ ਜਾਵੇ।


ਇਸ ਮਾਮਲੇ 'ਚ ਮਾਲਵਿੰਦਰ ਸਿੰਘ ਕੰਗ ਮੁੱਖ ਬੁਲਾਰਾ ਆਮ ਆਦਮੀ ਪਾਰਟੀ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਸਮੇਂ ਤੋਂ ਹੀ ਸਾਰੇ ਵਿਭਾਗਾਂ 'ਚ ਲਗਾਤਾਰ ਬੇਨਿਯਮੀਆਂ ਸਾਹਮਣੇ ਆ ਰਹੀਆਂ ਹਨ। ਰਾਸ਼ਨ ਕਾਰਡਾਂ ਦੇ ਸਰਵੇ 'ਚ ਵੀ ਅਜਿਹਾ ਹੀ ਫਰਾਡ ਸਾਹਮਣੇ ਆਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਵਿਭਾਗਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਭ੍ਰਿਸ਼ਟਾਚਾਰ ਤੇ ਬੇਨਿਯਮੀਆਂ ਨੂੰ ਕਿਸੇ ਵੀ ਕੀਮਤ 'ਤੇ ਕਾਬੂ ਕੀਤਾ ਜਾਵੇ।