ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ 29 ਨਵੰਬਰ ਨੂੰ ਹੋ ਰਿਹਾ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸੀਨੀਅਰ ਤੇ ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਤੇ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਚਰਚਾ ਹੈ ਕਿ ਇਸ ਵਾਰ ਵਿਧਾਨ ਸਭਾ ਨੇੜੇ ਹੋਣ ਕਰਕੇ ਵੱਡਾ ਫੇਰ-ਬਦਲ ਹੋ ਸਕਦਾ ਹੈ। ਵੋਟ ਬੈਂਕ ਨੂੰ ਧਿਆਨ ਵਿੱਚ ਰੱਖ ਕੇ ਅਹੁਦੇ ਦਿੱਤੇ ਜਾ ਸਕਦੇ ਹਨ।


ਇਸ ਚੋਣ ਤੋਂ ਪਹਿਲਾਂ ਅੱਜ ਸ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪਾਰਟੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਮੀਟਿੰਗ ਸੱਦੀ ਗਈ ਹੈ। ਸੂਤਰਾਂ ਮੁਤਾਬਕ ਪਹਿਲਾਂ ਵਾਂਗ ਹੀ ਅਹੁਦੇਦਾਰਾਂ ਦੀ ਚੋਣ ਦੇ ਸਾਰੇ ਅਧਿਕਾਰ ਸੁਖਬੀਰ ਬਾਦਲ ਨੂੰ ਦਿੱਤੇ ਜਾ ਸਕਦੇ ਹਨ। ਉਨ੍ਹਾਂ ਵੱਲੋਂ ਤਿਆਰ ਲਿਸਟ ਮੁਤਾਬਕ ਹੀ ਜਨਰਲ ਇਜਲਾਸ ਵਿੱਚ ਐਲਾਨ ਕੀਤਾ ਜਾਏਗਾ।


ਇਸ ਬਾਰੇ ਅਕਾਲੀ ਦਲ ਦੇ ਬੁਲਾਰੇ ਤੇ ਸਕੱਤਰ ਜਰਨਲ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਮੀਟਿੰਗ ਮਗਰੋਂ ਸ਼੍ਰੋਮਣੀ ਕਮੇਟੀ ਮੈਂਬਰ ਨਿੱਜੀ ਤੌਰ ’ਤੇ ਇੱਕ-ਇੱਕ ਕਰਕੇ ਪ੍ਰਧਾਨ ਨੂੰ ਮਿਲ ਸਕਣਗੇ ਤੇ ਮੈਂਬਰ ਅਹੁਦੇਦਾਰਾਂ ਦੀ ਚੋਣ ਸਬੰਧੀ ਆਪਣੀ ਰਾਏ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਅਹੁਦੇਦਾਰਾਂ ਦੀ ਚੋਣ ਲਈ ਬਾਦਲ ਵੱਲੋਂ ਲਗਾਤਾਰ ਵੱਖ ਵੱਖ ਹਲਕਿਆਂ ਵਿੱਚ ਚੱਲ ਰਹੇ ਦੌਰੇ ਦੌਰਾਨ ਸੁਝਾਅ ਤੇ ਜਾਣਕਾਰੀ ਲਈ ਜਾ ਰਹੀ ਹੈ।


ਪਾਰਟੀ ਸੂਤਰਾਂ ਮੁਤਾਬਕ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਭਾਵੇਂ ਕਈ ਨਾਵਾਂ ਦੀ ਚਰਚਾ ਹੈ ਪਰ ਅੱਜ ਵੀ ਬੀਬੀ ਜਗੀਰ ਕੌਰ ਹੀ ਇਸ ਅਹੁਦੇ ਲਈ ਸਭ ਤੋਂ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਹਨ। ਉਧਰ, ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਇਸ ਵਾਰ ਪੰਥਕ ਪਰਿਵਾਰ ਨਾਲ ਸਬੰਧਤ ਬੀਬੀ ਕਿਰਨਜੋਤ ਕੌਰ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਾਇਆ ਜਾਵੇ।


ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਾਕਿਸਤਾਨੋਂ ਆਏ ਸਿੱਖਾਂ ਨੂੰ ਹਰ ਵਾਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਮਾਸਟਰ ਤਾਰਾ ਸਿੰਘ ਦੀ ਉਮਰ ਭਰ ਦੀ ਕੁਰਬਾਨੀ ਤੇ ਬੀਬੀ ਕਿਰਨਜੋਤ ਕੌਰ ਦੇ ਸਿੱਖ ਧਰਮ ਲਈ ਅਡੋਲ ਵਿਸ਼ਵਾਸ ਤੇ ਵਿੱਦਿਅਕ ਯੋਗਤਾ ਦੀ ਕਦਰ ਕਰਦਿਆਂ ਇਸ ਵਾਰ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਕੋਲ ਇਸ ਵਾਰ ਆਪਣੀਆਂ ਅਤੀਤ ਦੀਆਂ ਗਲਤੀਆਂ ਨੂੰ ਬਖ਼ਸ਼ਾਉਣ ਦਾ ਸੁਨਹਿਰੀ ਮੌਕਾ ਹੈ।



ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਆਰਐਸਐਸ ਦਾ ਏਜੰਟ ਕਹਿ ਕਸੂਤੇ ਘਿਰੇ ਕਾਂਗਰਸੀ ਵਿਧਾਇਕ, 29 ਕਰੋੜ ਦੇ ਮਾਣਹਾਨੀ ਕੇਸ ਦੀ ਚੇਤਾਵਨੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904