Sidhu Moosewala Murder Case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਹੈ ਕਿ ਮੇਰੇ ਪੁੱਤਰ ਦੀ ਮੌਤ ਸਰਕਾਰ ਦੀ ਗਲਤੀ ਨਾਲ ਹੋਈ ਹੈ। ਸੈਂਟਰ ਦੀਆਂ ਏਜੰਸੀਆਂ ਨੇ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਸੂਚਿਤ ਕਰ ਦਿੱਤਾ ਸੀ ਕਿ ਪੰਜਾਬ ਵਿੱਚ ਦੋ ਵਿਅਕਤੀਆਂ ਨੂੰ ਖਤਰਾ ਹੈ ਪਰ ਸਰਕਾਰ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਸਗੋਂ ਉਲਟਾ ਸਾਡੀ ਸੁਰੱਖਿਆ ਵੀ ਵਾਪਸ ਲੈ ਲਈ।
ਐਤਵਾਰ ਨੂੰ ਦੇਸ਼-ਵਿਦੇਸ਼ ਵਿੱਚੋਂ ਸਿੱਧੂ ਮੂਸੇਵਾਲਾ ਦੇ ਘਰ ਉਨ੍ਹਾਂ ਦੇ ਪ੍ਰਸੰਸਕ ਵੱਡੀ ਗਿਣਤੀ ਵਿੱਚ ਪਹੁੰਚਦੇ ਹਨ। ਸਿੱਧੂ ਮੂਸੇਵਾਲਾ ਦੇ ਪ੍ਰਸੰਸਕਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਪੁੱਤਰ ਦੇ ਕਤਲ ਦਾ ਇਨਸਾਫ ਨਹੀਂ ਮਿਲ ਜਾਂਦਾ, ਉਦੋਂ ਤੱਕ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਰਹਾਂਗਾ।
ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤ ਵਾਰ ਸਰਕਾਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤੇ ਚਿੱਠੀਆਂ ਵੀ ਲਿਖੀਆਂ ਪਰ ਮੇਰੇ ਨਾਲ ਅੱਜ ਤੱਕ ਮੁੱਖ ਮੰਤਰੀ ਨੇ ਮਿਲਣਾ ਜ਼ਰੂਰੀ ਨਹੀਂ ਸਮਝਿਆ। ਸ਼ਾਇਦ ਮੈਂ ਇੰਨਾ ਬਦਨਸੀਬ ਹੋਵਾਂਗਾ ਜਿਸ ਕਾਰਨ ਮੁੱਖ ਮੰਤਰੀ ਮੇਰੇ ਨਾਲ ਮਿਲਣਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਮੈਂ ਕੁਝ ਵਿਅਕਤੀਆਂ ਨੂੰ ਐਫਆਈਆਰ ਵਿੱਚ ਸ਼ਾਮਲ ਕਰਨ ਦੀ ਵੀ ਅਪੀਲ ਕਰ ਚੁੱਕਿਆ ਹਾਂ ਪਰ ਉਨ੍ਹਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜੇਕਰ ਉਹ ਵਿਅਕਤੀ ਤਫਦੀਸ਼ ਵਿੱਚ ਸਹੀ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਬਾਹਰ ਕਰ ਦਿਓ, ਮੈਨੂੰ ਕੋਈ ਵੀ ਇਤਰਾਜ਼ ਨਹੀਂ ਹੋਵੇਗਾ। ਬਲਕੌਰ ਸਿੰਘ ਨੇ ਕਿਹਾ ਮੇਰੇ ਪੁੱਤਰ ਨੂੰ ਕਤਲ ਕਰਨ ਵਾਲਿਆਂ ਦੀ 20 ਸਤੰਬਰ ਨੂੰ ਅਗਲੀ ਪੇਸ਼ੀ ਹੈ ਤੇ ਚਲਾਨ ਚਾਰਜ ਫਰੇਮ ਹੋ ਜਾਵੇਗਾ। ਅਗਲੀ ਕਾਰਵਾਈ ਸ਼ੁਰੂ ਹੋ ਜਾਵੇਗੀ ਜਿਸ ਨਾਲ ਉਨ੍ਹਾਂ ਦੋਸ਼ੀਆਂ ਨੂੰ ਸਜਾ ਮਿਲੇਗੀ। ਸਾਨੂੰ ਅਦਾਲਤਾਂ ਉੱਪਰ ਪੂਰਾ ਵਿਸ਼ਵਾਸ ਹੈ ਕਿ ਇਨਸਾਫ ਜ਼ਰੂਰ ਮਿਲੇਗਾ।
ਉਨ੍ਹਾਂ ਕਿਹਾ ਕਿ ਸੈਂਟਰ ਦੀਆਂ ਏਜੰਸੀਆਂ ਵੱਲੋਂ ਪੰਜਾਬ ਦੇ ਦੋ ਵਿਅਕਤੀਆਂ ਦੀ ਜਾਨ ਨੂੰ ਖਤਰਾ ਦੱਸਿਆ ਸੀ। ਇਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਵੀ ਸ਼ਾਮਲ ਸੀ ਪਰ ਸਰਕਾਰ ਨੇ ਮੇਰੇ ਪੁੱਤਰ ਨੂੰ ਸੁਰੱਖਿਆ ਦੇਣ ਦੀ ਬਜਾਏ ਸੁਰੱਖਿਆ ਵਾਪਸ ਲੈ ਲਈ ਤੇ ਉਸ ਨੂੰ ਜਨਤਕ ਕਰ ਦਿੱਤਾ। ਇਸ ਦੇ ਨਾਲ ਹੀ ਕਾਤਲਾਂ ਤੱਕ ਇਹ ਸੂਚਨਾ ਪਹੁੰਚਾ ਦਿੱਤੀ ਜਿਸ ਕਾਰਨ ਦੋ ਮਡਿਊਲ ਬਣਾ ਕੇ ਮੇਰੇ ਪੁੱਤਰ ਨੂੰ ਕਤਲ ਕਰ ਦਿੱਤਾ।
ਉਨ੍ਹਾਂ ਕਿਹਾ ਕੇ ਲਾਰੈਂਸ ਬਿਸ਼ਨੋਈ ਦੀ ਇੰਟਰਵੀਊ ਸਬੰਧੀ ਅੱਜ ਤੱਕ ਸਰਕਾਰ ਨੇ ਕੁਝ ਵੀ ਨਹੀਂ ਕੀਤਾ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਲਾਰੈਂਸ ਬਿਸ਼ਨੋਈ ਲੱਖਾਂ ਰੁਪਏ ਦੀਆਂ ਫਿਰੌਤੀਆਂ ਲੈ ਰਿਹਾ ਹੈ ਤੇ ਜੇਲਾਂ ਵਿੱਚ ਜੱਗੂ ਭਗਵਾਨਪੁਰੀਆ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਨੂੰ ਸਵਾਲ ਜ਼ਰੂਰ ਕਰਿਓ।