Punjab News: ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਹੈ ਕਿ ਸਮਾਣਾ-ਪਾਤੜਾਂ ਟੋਲ ਪਲਾਜ਼ਾ ਦੀ ਮਿਆਦ ਕਿਉਂ ਵਧਾਈ ਗਈ। ਇਸ ਤਰ੍ਹਾਂ ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਟੌਲ ਪਲਾਜ਼ਾ ਬੰਦ ਕਰਵਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਉੱਪਰ ਸਵਾਲ ਖੜ੍ਹੇ ਕਰ ਦਿੱਤੇ ਹਨ।



ਪ੍ਰਤਾਪ ਬਾਜਵਾ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਜੀ ਤੋਂ ਜਵਾਬ ਮੰਗਦਾ ਕਿ ਜਿਹੜੇ ਸਮਾਣਾ-ਪਾਤੜਾਂ ਟੋਲ ਪਲਾਜ਼ਾ ਦੀ ਮਿਆਦ 23 ਅਕਤੂਬਰ 2022 ਨੂੰ ਖ਼ਤਮ ਹੋ ਰਹੀ ਸੀ, ਉਸ ਦੀ ਮਿਆਦ ਇੱਕ ਸਾਲ ਚਾਰ ਮਹੀਨੇ ਦੇ ਕਰੀਬ ਵਧਾਉਣ ਪਿੱਛੇ ਕਿਹੜੇ ਕਾਰਨ ਸਨ? ਕੀ ਹੁਣ ਉਨ੍ਹਾ ਆਮ ਲੋਕਾਂ ਦੇ ਸਿਰ 'ਤੇ ਲੱਖਾਂ ਰੁਪਏ ਦਾ ਬੇਵਜ੍ਹਾ ਬੋਝ ਨਹੀਂ ਪੈ ਰਿਹਾ ?










ਦੱਸ ਦਈਏ ਕਿ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਟੌਲ ਪਲਾਜ਼ੇ ਮਾਜਰੀ, ਨੰਗਲ ਸ਼ਹੀਦਾਂ ਤੇ ਮਾਨਗੜ੍ਹ ਬੰਦ ਕਰ ਦਿੱਤੇ ਗਏ ਹਨ। ਇਹ ਪਲਾਜ਼ੇ 2013 ’ਚ ਬੰਦ ਹੋਣੇ ਸੀ, ਫਿਰ 2018 ’ਚ ਬੰਦ ਹੋਣੇ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਦੋਨੋਂ ਵਾਰ ਟੌਲ ਵਾਲਿਆਂ ਦੇ ਹੱਕ ’ਚ ਫ਼ੈਸਲੇ ਕੀਤੇ ਤੇ ਪੰਜਾਬੀਆਂ ਦੀ ਲੁੱਟ ਜਾਰੀ ਰੱਖੀ। 


ਸੀਐਮ ਮਾਨ ਨੇ ਕਿਹਾ ਸੀ ਕਿ ਜੇ ਪਹਿਲਾਂ ਵਾਲਿਆਂ ਦੀਆਂ ਨੀਅਤਾਂ ਚੰਗੀਆਂ ਹੁੰਦੀਆਂ ਤਾਂ ਪਹਿਲਾਂ 2013 ਤੇ ਫਿਰ 2018 ’ਚ ਟੌਲ ਬੰਦ ਹੋ ਜਾਣੇ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਮਝੌਤੇ ਤਹਿਤ ਪਹਿਲੀ ਵਾਰ ਸੜਕ ਦਾ ਕੰਮ ਮਾਰਚ 2013 ’ਚ ਪੂਰਾ ਹੋਣਾ ਸੀ ਪਰ ਟੋਲ਼ ਵਾਲਿਆਂ ਨੇ 786 ਦਿਨ ਲਟਕਾ ਕੇ 2015 ’ਚ ਕੰਮ ਪੂਰਾ ਕੀਤਾ। 


ਕੁੱਲ ਜੁਰਮਾਨਾ ਸਮੇਤ ਵਿਆਜ 61.60 ਕਰੋੜ ਬਣਦਾ ਸੀ, ਜੋ ਰਾਜ ਨਹੀਂ ਸੇਵਾ ਵਾਲਿਆਂ ਨੇ ਮੁਆਫ਼ ਕਰ ਦਿੱਤਾ, ਸਗੋਂ ਸਮਝੌਤੇ ’ਚ ਲਿੱਖ ਦਿੱਤਾ ਗਿਆ ਕਿ ਸਰਕਾਰ 6 ਕਰੋੜ ਰੁਪਏ ਤੋਂ ਵੱਧ ਜੁਰਮਾਨਾ ਨਹੀਂ ਵਸੂਲ ਸਕਦੀ। ਜੁਆਬ ਦੇਣ ਪ੍ਰਤਾਪ ਬਾਜਵਾ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ ਤੇ ਪਰਮਿੰਦਰ ਢੀਂਡਸਾ ਕਿ ਲੋਕਾਂ ਦੀ ਲੁੱਟ ਜਾਰੀ ਕਿਉਂ ਰੱਖੀ। ਅੱਜ ਤੋਂ ਲੋਕਾਂ ਦਾ 10.52 ਲੱਖ ਰੋਜ਼ਾਨਾ ਟੌਲ ਤੋਂ ਬਚੇਗਾ, ਜੇ ਇਹ ਟੌਲ ਦਸ ਸਾਲ ਪਹਿਲਾਂ ਬੰਦ ਹੋ ਜਾਂਦਾ ਤਾਂ ਲੋਕਾਂ ਦਾ ਕਰੋੜਾਂ ਰੁਪਈਆ ਬਚ ਸਕਦਾ ਸੀ।


ਮੁੱਖ ਮੰਤਰੀ ਵੱਲੋਂ ਟੌਲ ਪਲਾਜ਼ਾ ਬੰਦ ਕਰਵਾਉਣ ਵੇਲੇ ਲਾਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਬਿਨਾਂ ਕੋਈ ਹੋਮ ਵਰਕ ਕੀਤੇ ਬਿਆਨਬਾਜ਼ੀ ਕੀਤੀ ਹੈ, ਜਦੋਂਕਿ ਉਹ ਟੌਲ ਪਲਾਜ਼ੇ ਲਈ ਜ਼ਿੰਮੇਵਾਰ ਨਹੀਂ ਹਨ।