Punjab News: ਕਈ ਵਾਰ ਬਗੈਰ ਕਸੂਰ ਹੀ ਲੋਕਾਂ ਨੂੰ ਜੇਲ੍ਹਾਂ ਵਿੱਚ ਜ਼ਿੰਦਗੀ ਬਰਬਾਦ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਮਾਸੂਮ ਬੱਚੇ ਜਿਨ੍ਹਾਂ ਨੂੰ ਅਜੇ ਜੁਰਮ ਦੀ ਪ੍ਰਭਾਸ਼ਾ ਵੀ ਪਤਾ ਨਹੀਂ ਹੁੰਦੀ, ਆਪਣਾ ਬਚਪਨ ਜੇਲ੍ਹਾਂ ਵਿੱਚ ਗੁਜਾਰਨਾ ਪੈਂਦਾ ਹੈ। ਜੀ ਹਾਂ ਜੇਕਰ ਕਿਸੇ ਔਰਤ ਨੂੰ ਕੈਦ ਦੀ ਸਜ਼ਾ ਹੁੰਦੀ ਹੈ ਤਾਂ ਉਸ ਦਾ ਬੱਚਾ ਵੀ ਜੇਲ੍ਹ ਵਿੱਚ ਰੁਲਦਾ ਹੈ। ਇਸ ਤਰ੍ਹਾਂ ਉਸ ਮਾਸੂਮ ਦਾ ਬਚਪਨ ਹੀ ਜੁਰਮ ਦੀ ਦੁਨੀਆ ਵਿੱਚ ਗੁਆਚ ਜਾਂਦਾ ਹੈ।


ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਦੀਆਂ 11 ਜੇਲ੍ਹਾਂ ਵਿੱਚ 46 ਮਾਸੂਮ ਬੱਚੇ ਆਪਣੀਆਂ ਮਾਵਾਂ ਨਾਲ ਰਹਿ ਰਹੇ ਹਨ। ਉਹ ਬਿਨਾਂ ਕੋਈ ਅਪਰਾਧ ਕੀਤਿਆਂ ਆਪਣੇ ਬਚਪਨ ਦੇ ਦਿਨ ਜੇਲ੍ਹਾਂ ਵਿੱਚ ਗੁਜ਼ਾਰ ਰਹੇ ਹਨ। ਇਸ ਨੂੰ ਸਭ ਤੋਂ ਵੱਡਾ ਅਨਿਆ ਕਿਹਾ ਜਾ ਸਕਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਬਾਰੇ ਸਾਡੇ ਸਿਸਟਮ ਨੇ ਕਦੇ ਕੋਈ ਧਿਆਨ ਨਹੀਂ ਦਿੱਤਾ।


ਸੂਚਨਾ ਅਧਿਕਾਰ ਤਹਿਤ ਮਿਲੀ ਜਾਣਕਾਰੀ ਅਨੁਸਾਰ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਦੋ ਬੱਚੇ ਹਨ ਜਿਨ੍ਹਾਂ ਦੀ ਉਮਰ 6 ਸਾਲ ਤੋਂ ਘੱਟ ਹੈ। ਪੁਲਿਸ ਨੇ ਇਨ੍ਹਾਂ ਬੱਚਿਆਂ ਦੀ ਮਾਵਾਂ ਨੂੰ ਅਪਰਾਧਿਕ ਮਾਮਲਿਆਂ ਵਿੱਚ ਗ੍ਰਿਫ਼ਤਾਰ ਕੀਤਾ ਸੀ। ਬੱਚੇ ਛੋਟੇ ਹੋਣ ਕਾਰਨ ਤੇ ਘਰ ਵਿੱਚ ਕੋਈ ਦੇਖ ਭਾਲ ਕਰਨ ਵਾਲਾ ਨਾ ਹੋਣ ਕਰਕੇ ਜੇਲ੍ਹ ਗਈਆਂ ਮਾਵਾਂ ਨੂੰ ਆਪਣੇ ਬੱਚੇ ਵੀ ਜੇਲ੍ਹ ਵਿੱਚ ਹੀ ਰੱਖਣੇ ਪੈ ਰਹੇ ਹਨ। 


ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ 5 ਬੱਚੇ ਰਹਿ ਰਹੇ ਹਨ। ਲੁਧਿਆਣਾ ’ਚ ਪੰਜਾਬ ਸਰਕਾਰ ਵੱਲੋਂ ਸਿਰਫ਼ ਔਰਤਾਂ ਲਈ ਬਣਾਈ ਗਈ ਜੇਲ੍ਹ ਵਿੱਚ ਅੱਠ ਬੱਚੇ ਹਨ। ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਵੀ ਅੱਠ ਅਜਿਹੇ ਬੱਚਿਆਂ ਦੀ ਸ਼ਨਾਖਤ ਹੋਈ ਹੈ ਜਿਨ੍ਹਾਂ ਦੀ ਉਮਰ 3 ਤੋਂ 5 ਸਾਲ ਦੀ ਹੈ ਤੇ ਉਹ ਪਿਛਲੇ ਇੱਕ ਸਾਲ ਤੋਂ ਆਪਣੀਆਂ ਮਾਵਾਂ ਨਾਲ ਜੇਲ੍ਹ ਦੀਆਂ ਬੈਰਕਾਂ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਹਨ। ਕੇਂਦਰੀ ਜੇਲ੍ਹ ਬਠਿੰਡਾ ਵਿੱਚ ਵੀ ਅਜਿਹੇ ਪੰਜ ਬੱਚਿਆਂ ਦੀ ਸ਼ਨਾਖਤ ਹੋਈ ਹੈ। 


ਜੇਲ੍ਹ ਵਿਭਾਗ ਦੇ ਏਡੀਜੀਪੀ ਵੱਲੋਂ ਮੁਹੱਈਆ ਕਰਵਾਈ ਗਈ ਸੂਚਨਾ ਅਨੁਸਾਰ ਸੰਗਰੂਰ ਜੇਲ੍ਹ ਵਿੱਚ ਵੀ ਚਾਰ ਬੱਚੇ ਰਹਿ ਰਹੇ ਹਨ। ਇਸ ਤੋਂ ਇਲਾਵਾ ਕਪੂਰਥਲਾ, ਹੁਸ਼ਿਆਰਪੁਰ ਤੇ ਗੁਰਦਾਸਪੁਰ ਜੇਲ੍ਹਾਂ ਵਿੱਚ ਵੀ ਨਾਬਾਲਗ ਬੱਚੇ ਹਨ। ਪਿਛਲੇ 18 ਮਹੀਨਿਆਂ ਦੌਰਾਨ 7 ਬੱਚਿਆਂ ਦੀ ਜੇਲ੍ਹ ਵਿੱਚੋਂ ਰਿਹਾਈ ਵੀ ਹੋਈ ਹੈ ਕਿਉਂਕਿ ਅਦਾਲਤ ਨੇ ਉਨ੍ਹਾਂ ਦੀਆਂ ਮਾਵਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਜੇਲ੍ਹ ਵਿਭਾਗ ਪੰਜਾਬ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਫਰੀਦਕੋਟ ਜੇਲ੍ਹ ਵਿੱਚ ਰੱਖੇ ਗਏ ਬੱਚਿਆਂ ਦੀ ਸਿਹਤ ਬਿਲਕੁਲ ਠੀਕ ਹੈ ਤੇ ਉਨ੍ਹਾਂ ਨੂੰ ਜੇਲ੍ਹ ਅੰਦਰ ਵੀ ਸਮਾਜਿਕ ਮਾਹੌਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।