Punjab News: ਜਬਰ-ਜਨਾਹ ਤੇ ਕਤਲ ਮਾਮਲੇ ਵਿੱਚ ਸੁਨਾਰੀਆ ਜੇਲ੍ਹ ’ਚ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ 14 ਮਹੀਨਿਆਂ ਵਿੱਚ ਹੀ ਚੌਥੀ ਵਾਰ ਪੈਰੋਲ ਉੱਪਰ ਬਾਹਰ ਆਇਆ ਹੈ। ਹੁਣ ਸਵਾਲ ਉੱਠ ਰਹੇ ਹਨ ਕਿ ਇੰਨੇ ਗੰਭੀਰ ਦੋਸ਼ਾਂ ਤਹਿਤ ਸਜ਼ਾਯਾਫਤਾ ਕੈਦੀ ਨੂੰ ਵਾਰ-ਵਾਰ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ। ਹਰਿਆਣਾ ਦੀ ਬੀਜੇਪੀ ਸਰਕਾਰ ਉੱਪਰ ਸਵਾਲ ਉੱਠ ਰਹੇ ਹਨ।
ਉਧਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਮਿਲਣ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਜੇ ਡੇਰਾ ਸਿਰਸਾ ਮੁਖੀ ਨੂੰ ਪੈਰੋਲ ਮਿਲੀ ਹੈ ਤਾਂ ਉਹ ਨਿਯਮਾਂ ਅਨੁਸਾਰ ਮਿਲੀ ਹੋਵੇਗੀ। ਪੈਰੋਲ ’ਤੇ ਜਾਣਾ ਕੈਦੀ ਦਾ ਅਧਿਕਾਰ ਹੈ। ਹਰਿਆਣਾ ਸਰਕਾਰ ਨੇ ਕਦੇ ਵੀ ਅਜਿਹੇ ਮਾਮਲੇ ਵਿੱਚ ਦਖਲ ਨਹੀਂ ਦਿੱਤਾ ਤੇ ਨਾ ਹੀ ਦਿੱਤਾ ਜਾਵੇਗਾ।
ਦੱਸ ਦਈਏ ਡੇਰਾ ਮੁਖੀ ਰਾਮ ਰਹੀਮ 40 ਦਿਨਾਂ ਦੀ ਪੈਰੋਲ ਮਿਲਣ ਮਗਰੋਂ ਸ਼ਨੀਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਗਪਤ ਸਥਿਤ ਬਰਨਾਵਾ ਆਸ਼ਰਮ ’ਚ ਪੁੱਜ ਗਿਆ ਹੈ। ਡੇਰਾ ਸਿਰਸਾ ਮੁਖੀ ਨਾਲ ਹਨੀਪ੍ਰੀਤ ਵੀ ਉੱਥੇ ਪਹੁੰਚ ਗਈ ਹੈ। ਡੇਰਾ ਸਿਰਸਾ ਮੁਖੀ ਨੇ ਪੈਰੋਲ ’ਤੇ ਬਾਹਰ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਲਾਈਵ ਹੋ ਕੇ ਡੇਰਾ ਪ੍ਰੇਮੀਆਂ ਨੂੰ ਸੁਨੇਹਾ ਵੀ ਦਿੱਤਾ।
ਉਧਰ, ਡੇਰਾ ਮੁਖੀ ਦੇ ਜੇਲ੍ਹ ’ਚੋਂ ਬਾਹਰ ਆਉਣ ’ਤੇ ਪੀੜਤ ਧਿਰ ਨੇ ਇਸ ’ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਨੇ ਡੇਰਾ ਮੁਖੀ ਨੂੰ ਵਾਰ ਵਾਰ ਪੈਰੋਲ ਦਿੱਤੇ ਜਾਣ ਸਬੰਧੀ ਸਰਕਾਰ ’ਤੇ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਸਵਾਲ ਚੁੱਕੇ ਹਨ। ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਕਿਹਾ ਹੈ ਕਿ ਸਰਕਾਰ ਦੀ ਮਿਲੀਭੁਗਤ ਨਾਲ ਡੇਰਾ ਮੁਖੀ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਇਸ ਤੋਂ ਸਾਫ ਹੈ ਕਿ ਸਰਕਾਰ ਡੇਰਾ ਮੁਖੀ ਤੋਂ ਰਾਜਸੀ ਲਾਹ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਜਦੋਂ ਵੀ ਕਿਸੇ ਸੂਬੇ ਵਿੱਚ ਚੋਣਾਂ ਹੁੰਦੀਆਂ ਹਨ, ਉਸ ਤੋਂ ਪਹਿਲਾਂ ਡੇਰਾ ਮੁਖੀ ਨੂੰ ਪੈਰੋਲ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਹੈ ਕਿ ਉਹ ਕਾਨੂੰਨੀ ਮਾਹਿਰਾਂ ਨਾਲ ਸਲਾਹ ਕਰ ਕੇ ਅਗਲੀ ਕਾਰਵਾਈ ਕਰਨਗੇ।
ਦਰਅਸਲ 25 ਅਗਸਤ 2017 ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਾਧਵੀ ਜਬਰ-ਜਨਾਹ ਦੇ ਮਾਮਲੇ ਵਿੱਖ ਦੋਸ਼ੀ ਕਰਾਰ ਦਿੰਦੇ ਹੋਏ 28 ਅਗਸਤ 2017 ਨੂੰ ਸਜ਼ਾ ਸੁਣਾਈ ਗਈ ਸੀ। ਇਸ ਤੋਂ ਬਾਅਦ ਉਸ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਤੇ ਰਣਜੀਤ ਕਤਲ ਮਾਮਲੇ ਵਿੱਚ ਸਜ਼ਾ ਸੁਣਾਈ ਗਈ। ਉਦੋਂ ਤੋਂ ਡੇਰਾ ਮੁਖੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕਟ ਰਿਹਾ ਹੈ।
ਪਿਛਲੇ ਸਾਲ 15 ਅਕਤੂਬਰ ਰਾਮ ਰਹੀਮ ਨੂੰ 40 ਦਿਨ ਦੀ ਪੈਰੋਲਮਿਲੀ। ਇਸ ਦੌਰਾਨ ਡੇਰਾ ਮੁਖੀ ਆਸ਼ਰਮ ਵਿੱਚ ਰਿਹਾ ਤੇ ਆਨਲਾਈਨ ਡੇਰਾ ਪ੍ਰੇਮੀਆਂ ਨੂੰ ਸੰਬੋਧਨ ਕਰਦਾ ਰਿਹਾ। 25 ਨਵੰਬਰ ਨੂੰ ਡੇਰਾ ਮੁਖੀ ਦੀ ਪੈਰੋਲ ਸਮਾਪਤ ਹੋਈ ਤੇ ਉਹ ਮੁੜ ਜੇਲ੍ਹ ਗਿਆ। ਹੁਣ ਦੋ ਮਹੀਨਿਆਂ ਤੋਂ ਵੀ ਕੁਝ ਦਿਨ ਪਹਿਲਾਂ ਉਸ ਨੂੰ 40 ਦਿਨ ਦੀ ਫਿਰ ਪੈਰੋਲ ਮਿਲ ਗਈ ਹੈ।