Manmohan Singh: ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਅਤੇ ਯਾਦਗਾਰ ਲਈ ਰਾਜਘਾਟ 'ਤੇ ਜਗ੍ਹਾ ਨਾ ਦਿੱਤੇ ਜਾਣ 'ਤੇ ਸਿੱਖ ਆਗੂ ਨਾਰਾਜ਼ ਹਨ। ਪੰਜਾਬ 'ਚ ਅਕਾਲੀ ਦਲ ਤੇ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਇਸ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਕੇਂਦਰ ਦਾ ਸਿੱਖਾਂ ਨਾਲ ਮਤਰੇਇਆਂ ਵਾਲਾ ਸਲੂਕ ਹੈ।

Continues below advertisement


ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਦਾਹ ਸੰਸਕਾਰ ਲਈ ਰਾਜਘਾਟ ਨੇੜੇ ਜ਼ਮੀਨ ਅਲਾਟ ਕਰਨ ਦੀ ਪੁਰਾਣੀ ਰਿਵਾਇਤ ਨੂੰ ਮੰਨਣ ਤੋਂ ਭਾਰਤ ਸਰਕਾਰ ਨੇ ਇਨਕਾਰ ਕਰ ਦਿੱਤਾ ਹੈ। ਹੁਣ ਰੋਸ਼ਨ ਦਿਮਾਗ ਡਾਕਟਰ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਆਮ ਲੋਕਾਂ ਦੀ ਤਰ੍ਹਾਂ ਨਿਗਮ ਬੋਧ ਸ਼ਮਸ਼ਾਨ ਘਾਟ ਉਤੇ 28 ਦਸੰਬਰ ਨੂੰ ਦੁਪਹਿਰ 11.45 ਵਜੇ ਹੋਵੇਗਾ। ਹਾਲਾਂਕਿ ਡਾਕਟਰ ਮਨਮੋਹਨ ਸਿੰਘ ਦੇ ਪਰਿਵਾਰ ਤੇ ਕਾਂਗਰਸ ਪਾਰਟੀ ਨੇ ਭਾਰਤ ਸਰਕਾਰ ਨੂੰ ਰਾਜਘਾਟ ਨੇੜੇ ਯਾਦਗਾਰ ਬਣਾਉਣ ਲਈ ਥਾਂ ਦੇਣ ਦੀ ਮੰਗ ਕੀਤੀ ਸੀ। ਪਰ ਡਾਕਟਰ ਮਨਮੋਹਨ ਸਿੰਘ ਦੇ ਵੱਡੇ ਕੱਦ ਅਤੇ ਪੁਰਾਣੀ ਰਿਵਾਇਤ ਨੂੰ ਸਰਕਾਰ ਨੇ ਨਜ਼ਰ ਅੰਦਾਜ਼ ਕਰਕੇ ਮਤਰੇਏ ਪੁਣੇ ਦਾ ਅਹਿਸਾਸ ਸਿੱਖਾਂ ਨੂੰ ਕਰਵਾ ਦਿੱਤਾ ਹੈ.. 






ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਇਹ ਬਹੁਤ ਹੀ ਹੈਰਾਨੀਜਨਕ ਅਤੇ ਨਿੰਦਣਯੋਗ ਹੈ ! ਡਾ. ਮਨਮੋਹਨ ਸਿੰਘ ਜੀ ਦੇ ਪਰਿਵਾਰ ਵੱਲੋਂ ਦੇਸ਼ ਲਈ ਉਨ੍ਹਾਂ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਅਤੇ ਬੇਮਿਸਾਲ ਸੇਵਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੀਆਂ ਅੰਤਿਮ ਰਸਮਾਂ ਲਈ ਇੱਕ ਵਿਸ਼ੇਸ਼ ਜਗ੍ਹਾ ਦੀ ਮੰਗ ਕੀਤੀ ਗਈ ਸੀ, ਜਿੱਥੇ ਕਿ ਦੇਸ਼ ਵਾਸੀਆਂ ਲਈ ਉਨ੍ਹਾਂ ਦੀ ਯਾਦਗਾਰ ਸਥਾਪਿਤ ਕੀਤੀ ਜਾ ਸਕੇ, ਪਰ ਕੇਂਦਰ ਸਰਕਾਰ ਵੱਲੋਂ ਪਰਿਵਾਰ ਦੀ ਇਸ ਬੇਨਤੀ ਨੂੰ ਠੁਕਰਾ ਦਿੱਤਾ ਗਿਆ ਹੈ । ਪਿਛਲੇ ਸਮਿਆਂ ਦੌਰਾਨ ਚਲਦੀ ਆ ਰਹੀ ਪਰੰਪਰਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਜਗ੍ਹਾ 'ਰਾਜ ਘਾਟ' ਹੋਣੀ ਚਾਹੀਦੀ ਸੀ । ਪਰ, ਇਹ ਸਮਝ ਤੋਂ ਬਾਹਰ ਹੈ ਕਿ ਸਰਕਾਰ ਉਸ ਮਹਾਨ ਆਗੂ ਦਾ ਇਸ ਕਦਰ ਨਿਰਾਦਰ ਕਿਉਂ ਕਰ ਰਹੀ ਹੈ, ਜੋ ਇੱਕੋ-ਇੱਕ ਸਿੱਖ ਸਨ ਜਿੰਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਿਲ ਸੀ । 



ਫਿਲਹਾਲ, ਨਿਗਮਬੋਧ ਘਾਟ ਦੇ ਸਾਂਝੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ । ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਅਜਿਹੀ ਵਿਸ਼ਵ ਪ੍ਰਸਿੱਧ ਸ਼ਖਸੀਅਤ ਨਾਲ ਪੱਖਪਾਤ ਦੀ ਇਸ ਹੱਦ ਤੱਕ ਪਹੁੰਚ ਜਾਵੇਗੀ, ਪਰ ਡਾ. ਮਨਮੋਹਨ ਸਿੰਘ ਜੀ ਦਾ ਕੱਦ ਵਿਸ਼ਵ ਪੱਧਰ ‘ਤੇ ਹਮੇਸ਼ਾ ਉੱਚਾ ਹੀ ਰਹੇਗਾ । 






ਡਾ. ਮਨਮੋਹਨ ਸਿੰਘ ਜੀ ਨੇ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਭਾਰਿਆ । ਭਾਵੇਂ ਕਿ ਕਾਂਗਰਸ ਨਾਲ ਸਾਡੇ ਸਿਆਸੀ ਮਤਭੇਦ ਹਨ, ਪਰ ਰਾਜਨੀਤਕ ਅਤੇ ਸਿਆਸੀ ਸੰਬੰਧਾਂ ਤੋਂ ਉਪਰ ਉੱਠ ਕੇ ਡਾ. ਮਨਮੋਹਨ ਸਿੰਘ ਜੀ ਸਾਡੇ ਲਈ ਉੱਚ ਸਤਿਕਾਰ ਦੇ ਪਾਤਰ ਰਹਿਣਗੇ । 
ਡਾ. ਸਾਬ੍ਹ ਸਿੱਖਾਂ ਅਤੇ ਪੰਜਾਬ ਦੇ ਮੁੱਦਿਆਂ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਨਾਲ ਆਪਣੇ ਵਿਹਾਰ ਵਿੱਚ ਬਹੁਤ ਸੰਵੇਦਨਸ਼ੀਲ ਅਤੇ ਹਮਦਰਦ ਸਨ । ਮੈਂ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਕੇਂਦਰ ਸਰਕਾਰ ਦੇ ਇਸ ਨਿੰਦਣਯੋਗ ਫੈਸਲੇ ਨੂੰ ਬਦਲਣ ਲਈ ਨਿੱਜੀ ਤੌਰ 'ਤੇ ਦਖਲ ਦੇਣ