ਚੰਡੀਗੜ੍ਹ: ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰੀਸ਼ਦ ਚੋਣ ਲਈ ਆਪਣੇ ਉਮੀਦਵਾਰ ਹਰਵਿੰਦਰ ਸਿੰਘ ਉਰਫ਼ ਹਿੰਦਾ ਦੇ ਕਤਲ ਮਾਮਲੇ ਨੂੰ ਲੈ ਕੇ ਸੱਤਾਧਿਰ ਕਾਂਗਰਸ ਨੂੰ ਘੇਰ ਰਹੀ ਸੀ ਪਰ ਇਹ ਮਾਮਲਾ ਕੁਝ ਹੋਰ ਹੀ ਨਿਕਲਿਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਹਰਵਿੰਦਰ ਹਿੰਦਾ ਦਾ ਕਤਲ ਉਸ ਦੀ ਪਤਨੀ ਨੇ ਕਰਵਾਇਆ ਹੈ।   ਬਠਿੰਡਾ ਦੇ ਆਈਜੀ ਐਮਐਫ ਫਾਰੂਕੀ ਤੇ ਐਸਐਸਪੀ ਡਾ. ਨਾਨਕ ਸਿੰਘ ਨੇ ਖ਼ੁਲਾਸਾ ਕੀਤਾ ਕਿ ਹਿੰਦਾ ਦਾ ਕਤਲ ਪ੍ਰੇਮ ਦੇ ਚੱਕਰ ’ਚ ਫਸੀ ਉਸ ਦੀ ਪਤਨੀ ਕਿਰਨਪਾਲ ਕੌਰ ਨੇ ਹੋਰਾਂ ਨਾਲ ਮਿਲ ਕੇ ਕੀਤਾ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਕਿਰਨਪਾਲ ਕੌਰ, ਮੱਖਣ ਰਾਮ ਉਰਫ਼ ਮੱਖਣ ਬਾਬਾ, ਚਮਕੌਰ ਸਿੰਘ ਉਰਫ਼ ਕੌਰੀ ਤੇ ਜੈਮਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਕਿਰਨਪਾਲ ਦਾ ਪ੍ਰੇਮੀ ਸੰਦੀਪ ਕੁਮਾਰ ਉਰਫ਼ ਬੰਟੀ ਅਜੇ ਗ੍ਰਿਫ਼ਤ ਤੋਂ ਬਾਹਰ ਹੈ। ਪੁਲਿਸ ਮੁਤਾਬਕ ਹਿੰਦਾ ਦੀ ਪਤਨੀ ਕਿਰਨਪਾਲ ਕੌਰ ਦੇ ਸੰਦੀਪ ਕੁਮਾਰ ਉਰਫ਼ ਬੰਟੀ ਵਾਸੀ ਬੈਹਣੀਵਾਲ ਜ਼ਿਲ੍ਹਾ ਮਾਨਸਾ ਨਾਲ ਸਬੰਧ ਸਨ। ਉਹ ਬੰਟੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਇਸ ਦੀ ਭਿਣਕ ਹਰਵਿੰਦਰ ਹਿੰਦਾ ਨੂੰ ਪੈ ਗਈ ਸੀ ਜਿਸ ਕਾਰਨ ਘਰ ਵਿੱਚ ਕਲੇਸ਼ ਰਹਿਣ ਲੱਗ ਪਿਆ। ਕਿਰਨਪਾਲ ਕੌਰ ਲੜਾਈ-ਝਗੜੇ ਨੂੰ ਹੱਲ ਕਰਨ ਲਈ ਪੁੱਛਾਂ ਦੇਣ ਵਾਲੇ ਬਾਬੇ ਮੱਖਣ ਰਾਮ ਕੋਲ ਜਾਣ ਲੱਗ ਪਈ। ਉਸ ਨੇ ਆਪਣੇ ਸਬੰਧ ਬਾਬੇ ਨਾਲ ਵੀ ਕਾਇਮ ਕਰ ਲਏ। ਉਸ ਨੇ ਬਾਬੇ ਕੋਲ ਪਤੀ ਨੂੰ ਮਰਵਾਉਣ ਦੀ ਖਾਹਿਸ਼ ਦੱਸੀ। ਉਸ ਨੇ ਇਹ ਗੱਲ ਪ੍ਰੇਮੀ ਸੰਦੀਪ ਨੂੰ ਵੀ ਦੱਸ ਦਿੱਤੀ ਸੀ ਕਿ ਬਾਬਾ ਉਨ੍ਹਾਂ ਦਾ ਕੰਮ ਕਰ ਦੇਵੇਗਾ। ਬਾਬੇ ਨੇ ਆਪਣੇ ਕੋਲ ਕੰਮ ਕਰਦੇ ਚਮਕੌਰ ਸਿੰਘ ਤੇ ਜੈਮਲ ਸਿੰਘ ਨਾਲ ਰਾਬਤਾ ਕਾਇਮ ਕੀਤਾ ਤੇ ਹਿੰਦਾ ਦੇ ਕਤਲ ਲਈ ਦੋਹਾਂ ਨੂੰ 5-5 ਹਜ਼ਾਰ ਰੁਪਏ ਦਾ ਲਾਲਚ ਦਿੱਤਾ। ਬਾਬੇ ਨੇ ਉਨ੍ਹਾਂ ਨੂੰ ਕੋਈ ਕੇਸ ਨਾ ਪੈਣ ਦੇਣ ਦਾ ਭਰੋਸਾ ਦਿੱਤਾ ਸੀ। ਪੁਲਿਸ ਮੁਤਾਬਕ ਗਿਣੀ-ਮਿਥੀ ਸਾਜ਼ਿਸ਼ ਤਹਿਤ ਕਿਰਨਪਾਲ ਕੌਰ ਨੇ ਆਪਣੇ ਪਤੀ ਨੂੰ ਦੁੱਧ ਵਿੱਚ ਨੀਂਦ ਦੀਆਂ ਗੋਲੀਆ ਪਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ। ਬਾਅਦ ਵਿੱਚ ਮੱਖਣ ਬਾਬੇ ਨੂੰ ਫੋਨ ਕਰਕੇ ਚਮਕੌਰ ਤੇ ਜੈਮਲ ਨੂੰ ਘਰ ਸੱਦ ਲਿਆ। ਉਸ ਨੇ ਪਹਿਲਾਂ ਉਨ੍ਹਾਂ ਨੂੰ ਸ਼ਰਾਬ ਪਿਲਾਈ ਤੇ ਫਿਰ ਮਿਲ ਕੇ ਹਾਕੀ ਨਾਲ ਸੱਟਾਂ ਮਾਰੀਆਂ। ਫਿਰ ਸਿਰਹਾਨੇ ਨਾਲ ਮੂੰਹ ਬੰਦ ਕਰਕੇ ਹਰਵਿੰਦਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।