Amritpal Singh : ਨੈਸ਼ਨਲ ਸਕਿਓਰਿਟੀ ਐਕਟ (NSA) ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਖਾਲਿਸਤਾਨ ਸਮਰਥਕ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ (Amritpal Singh) ਆਪਣੀ ਪਾਰਟੀ ਦਾ ਨਾਂਅ ਅਕਾਲੀ ਦਲ (ਸ਼੍ਰੀ ਆਨੰਦਪੁਰ ਸਾਹਿਬ) ਰੱਖਣ ਜਾ ਰਹੇ ਹਨ। ਇਹ ਜਾਣਕਾਰੀ ਹਲਕਾ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ (Sarabjeet Singh Khalsa) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ ਹੈ ਪਰ ਹੁਣ ਇਸ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਵੱਡਾ ਖ਼ੁਲਾਸਾ ਕੀਤਾ ਹੈ।


ਕਿਵੇਂ ਬਦਲਿਆ ਜਾ ਸਕਦਾ ਪਾਰਟੀ ਦਾ ਨਾਂਅ ?


ਇੱਕ ਚੈਨਲ ਨਾਲ ਰਾਬਤਾ ਕਰਦਿਆਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਅਜੇ ਪਾਰਟੀ ਦਾ ਨਾਂਅ ਕੋਈ ਪੱਕਾ ਨਹੀਂ ਹੈ, ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ 3 ਜਾਂ 4 ਨਾਂਅ ਦਿੱਤੇ ਗਏ ਹਨ ਜਿਸ ਕਰਕੇ ਅਜੇ ਕੁਝ ਪੱਕਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਰ ਸਿਆਸੀ ਪਾਰਟੀ ਦਿੱਲੀ ਤੋਂ ਰਜਿਸਟਰ ਹੁੰਦੀ ਹੈ ਤੇ ਉੱਥੇ ਨਾਂਅ ਦੇ ਆਪਸ਼ਨ ਦਿੱਤੇ ਜਾਂਦੇ ਹਨ ਤੇ ਅਸੀਂ ਵੀ ਕੁਝ ਨਾਂਅ ਦਿੱਤੇ ਹਨ ਜਿਸ ਤੋਂ ਬਾਅਦ ਤੈਅ ਹੋਵੇਗਾ ਕਿ ਪਾਰਟੀ ਦਾ ਨਾਂਅ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਅਸੀਂ ਜੋ ਨਾਂਅ ਚਾਹੁੰਦੇ ਹੋ ਉਹੀ ਮਿਲ ਜਾਵੇ।



ਪਰਿਵਾਰਵਾਦ ਦੇ ਨਾਂਅ ਉੱਤੇ ਕੀ ਕਿਹਾ ?


ਇਸ ਮੌਕੇ ਜਦੋਂ ਤਰਸੇਮ ਸਿੰਘ ਤੋਂ ਪੁੱਛਿਆ ਗਿਆ ਕਿ ਚਰਚਾਵਾਂ ਹਨ ਕਿ ਤੁਸੀਂ ਪਾਰਟੀ ਦੇ ਪ੍ਰਧਾਨ ਬਣਨ ਜਾ ਰਹੇ ਹੋ ਤਾਂ ਕਿ ਇਹ ਪਰਿਵਾਰਵਾਦ ਨਹੀਂ ਹੈ, ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਜੇ ਅੰਮ੍ਰਿਤਪਾਲ ਸਿੰਘ ਬਾਹਰ ਹੁੰਦਾ ਤੇ ਉਸ ਕੋਲ ਕੋਈ ਅਹੁਦਾ ਹੁੰਦਾ ਤੇ ਫਿਰ ਅਸੀਂ ਕੋਈ ਅਹੁਦਾ ਲੈਂਦਾ ਤਾਂ ਉਹ ਪਰਿਵਾਰਵਾਦ ਸੀ। ਤਰਸੇਮ ਸਿੰਘ ਨੇ ਕਿਹਾ ਕਿ ਮੰਨਿਆ ਪਰਿਵਾਰਵਾਦ ਨੇ ਪੰਥ ਦਾ ਘਾਣ ਕੀਤਾ ਹੈ ਪਰ ਜਦੋਂ ਅੰਮ੍ਰਿਤਪਾਲ ਸਿੰਘ ਬਾਹਰ ਆਵੇਗਾ ਤਾਂ ਪੰਥ ਉਸ ਨੂੰ ਜੋ ਜ਼ਿੰਮੇਵਾਰੀ ਦੇਵੇਗਾ ਉਹ ਉਸ ਨੂੰ ਨਿਭਾਉਣਗੇ ਤੇ ਅਸੀਂ ਪਿੱਛੇ ਹੋ ਜਾਵਾਂਗੇ


ਸਰਬਜੀਤ ਸਿੰਘ ਖਾਲਸਾ ਨੇ ਕੀਤਾ ਪਾਰਟੀ ਦੇ ਨਾਂਅ ਦਾ ਐਲਾਨ 


ਜ਼ਿਕਰ ਕਰ ਦਈਏ ਕਿ ਪਿਛਲੇ ਦਿਨੀਂ ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਐਲਾਨ ਕੀਤਾ ਸੀ ਕਿ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਵੱਲੋਂ ਬਣਾਈ ਜਾਣ ਵਾਲੀ ਨਵੀਂ ਖੇਤਰੀ ਪਾਰਟੀ ਦਾ ਨਾਂ ਅਕਾਲੀ ਦਲ (ਸ੍ਰੀ ਆਨੰਦਪੁਰ ਸਾਹਿਬ) ਹੋਵੇਗਾ। ਇਸ ਮੌਕੇ 'ਪੰਥ ਬਚਾਓ, ਪੰਜਾਬ ਬਚਾਓ' ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਵੱਡੀ ਗਿਣਤੀ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਰੈਲੀ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਉਨ੍ਹਾਂ ਦੇ ਕਰੀਬੀ ਪਾਰਟੀ ਦਾ ਐਲਾਨ ਕਰਨਗੇ।



ਸਿਆਸੀ ਮਾਹਿਰਾਂ ਮੁਤਾਬਕ ਇਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਈ ਚਿੰਤਾ ਦਾ ਪਲ ਹੈ, ਜੋ ਆਪਣੇ ਆਪ ਨੂੰ ਪੰਥ ਦੀ ਹਮਾਇਤੀ ਪਾਰਟੀ ਕਹਾਉਂਦਾ ਹੈ। ਅਕਾਲੀ ਦਲ (ਬਾਦਲ) ਕੋਲ ਸਿਰਫ਼ ਇੱਕ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ (Harsimrat kaur Badal) ਹੈ। ਜਦੋਂਕਿ ਨਵੀਂ ਐਲਾਨੀ ਪਾਰਟੀ ਵਿੱਚ ਦੋ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਹਨ। ਦੂਜੇ ਪਾਸੇ ਅਕਾਲੀ ਦਲ ਦਾ ਬਾਗੀ ਧੜਾ ਇੱਕ ਵਾਰ ਫਿਰ ਬਾਗੀ ਸੁਰ ਅਪਣਾ ਰਿਹਾ ਹੈ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਮੰਗ ਕਰ ਰਹੇ ਹਨ। ਜੇਕਰ ਅਜਿਹਾ ਨਾ ਹੋਇਆ ਤਾਂ ਬਾਗੀ ਧੜਾ ਵੀ ਵੱਖਰੀ ਪਾਰਟੀ ਬਣਾ ਸਕਦੇ ਹੈ।