ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਲੰਬੇ ਸਮੇਂ ਤੋਂ ਰੁੱਸੇ ਚਲੇ ਆ ਰਹੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਚਰਚਾ ਛਿੜੀ ਹੈ ਕਿ ਉਹ ਮੁੜ ਬੀਜੇਪੀ ਵਿੱਚ ਜਾ ਸਕਦੇ ਹਨ। ਇਹ ਚਰਚਾ ਬੀਜੇਪੀ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਇਹ ਕਹਿ ਕੇ ਛੇੜੀ ਹੈ ਕਿ ਸਿੱਧੂ ਜਲਦ ਹੀ ਬੀਜੇਪੀ ਵਿੱਚ ਆ ਰਹੇ ਹਨ। ਉਂਝ ਨਵਜੋਤ ਸਿੱਧੂ ਨੇ ਇਸ ਤਰ੍ਹਾਂ ਦੇ ਨਾ ਕੋਈ ਸੰਕੇਤ ਦਿੱਤੇ ਹਨ ਤੇ ਨਾ ਹੀ ਕੋਈ ਟਿੱਪਣੀ ਕੀਤੀ ਹੈ।


ਦਰਅਸਲ ਇਹ ਚਰਚਾ ਇਸ ਕਰਕੇ ਵੀ ਝਿੜੀ ਹੈ ਕਿਉਂਕਿ ਲੰਬੇ ਸਮੇਂ ਤੋਂ ਰੁੱਸ ਕੇ ਬੈਠੇ ਨਵਜੋਤ ਸਿੱਧੂ ਨੂੰ ਪਿਛਲੇ ਦਿਨੀਂ ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਦੌਰਾਨ ਮਨਾਇਆ ਗਿਆ ਸੀ ਪਰ ਉਹ ਕੁਝ ਘੰਟਿਆਂ ਬਾਅਦ ਹੀ ਰੁੱਸ ਕੇ ਮੁੜ ਅੰਮ੍ਰਿਤਸਰ ਪਰਤ ਗਏ। ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਹਰੀਸ਼ ਰਾਵਤ ਖੁਦ ਸਿੱਧੂ ਨੂੰ ਲੈ ਕੇ ਆਏ ਸੀ ਪਰ ਸਟੇਜ ਤੇ ਟਰੈਕਟਰ ਰੈਲੀ ਵਿੱਚ ਕੋਈ ਬਹੁਤਾ ਮਾਣ-ਸਨਮਾਨ ਨਾ ਮਿਲਣ ਕਰਕੇ ਸਿੱਧੂ ਰੁੱਸ ਗਏ।

ਇਸ ਕਰਕੇ ਮੀਡੀਆ ਵਿੱਚ ਚਰਚਾ ਚੱਲੀ ਕਿ ਸਿੱਧੂ ਦਾ ਹੁਣ ਕਾਂਗਰਸ ਵਿੱਚ ਰਹਿਣਾ ਮੁਸ਼ਕਲ ਹੈ ਕਿਉਂਕਿ ਇਸ ਵਾਰ ਰਾਹੁਲ ਗਾਂਧੀ ਨੇ ਵੀ ਸਿੱਧੂ ਨੂੰ ਕੋਈ ਜ਼ਿਆਦਾ ਤਵੱਜੋਂ ਨਹੀਂ ਦਿੱਤੀ। ਰਾਹੁਲ ਪੰਜਾਬ ਵਿੱਚ ਤਿੰਨ ਦਿਨ ਰਹੇ ਪਰ ਉਹ ਸਿੱਧੂ ਨੂੰ ਨਾ ਤਾਂ ਮਿਲੇ ਤੇ ਨਾ ਹੀ ਉਨ੍ਹਾਂ ਬਾਰੇ ਇੱਕ ਵੀ ਸ਼ਬਦ ਬੋਲਿਆ। ਇਸੇ ਸਮੇਂ ਬੀਜੇਪੀ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਦਾਅਵਾ ਕਰ ਦਿੱਤਾ ਕਿ ਸਿੱਧੂ ਜਲਦ ਹੀ ਬੀਜੇਪੀ ਵਿੱਚ ਆਉਣਗੇ। ਇਸ ਮਗਰੋਂ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ।

ਸਿੱਧੂ ਦੇ ਬੀਜੇਪੀ ਵਿੱਚ ਜਾਣ ਪਿੱਛੇ ਇੱਕ ਹੋਰ ਤਰਕ ਦਿੱਤਾ ਜਾ ਰਿਹਾ ਹੈ। ਉਹ ਇਹ ਹੈ ਕਿ ਨਵਜੋਤ ਸਿੱਧੂ ਦਾ ਬੀਜੇਪੀ ਨਾਲੋਂ ਤੋੜ-ਵਿਛੋੜਾ ਸਿਰਫ਼ ਅਕਾਲੀ ਦਲ ਕਰਕੇ ਹੋਇਆ ਸੀ। ਸਿੱਧੂ ਚਾਹੁੰਦੇ ਸੀ ਕਿ ਬੀਜੇਪੀ ਨੂੰ ਅਕਾਲੀ ਦਲ ਦਾ ਸਾਥ ਛੱਡ ਦੇਣਾ ਚਾਹੀਦਾ ਹੈ। ਸਿੱਧੂ ਦਾ ਇਹ ਵੀ ਗਿਲਾ ਸੀ ਕਿ ਅਕਾਲੀ ਦਲ ਦੇ ਕਹਿਣ 'ਤੇ ਹੀ ਬੀਜੇਪੀ ਹਾਈਕਮਾਨ ਫੈਸਲੇ ਲੈਂਦੀ ਹੈ। ਹੁਣ ਅਕਾਲੀ ਦਲ ਆਪ ਹੀ ਬੀਜੇਪੀ ਤੋਂ ਵੱਖ ਹੋ ਗਿਆ ਹੈ। ਇਸ ਲਈ ਸਿੱਧੂ ਮੁੜ ਬੀਜੇਪੀ ਵਿੱਚ ਜਾ ਸਕਦੇ ਹਨ।

ਉਧਰ, ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸਿੱਧੂ ਲਈ ਇਹ ਸੌਖਾ ਨਹੀਂ ਹੋਏਗਾ। ਉਹ ਕਾਫੀ ਸਮੇਂ ਤੋਂ ਬੀਜੇਪੀ ਤੇ ਖਾਸਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਖੁੱਲ੍ਹ ਕੇ ਬੋਲਦੇ ਰਹੇ ਹਨ। ਇਸ ਲਈ ਬੀਜੇਪੀ ਵਿੱਚ ਜਾ ਕੇ ਸਿੱਧੂ ਲਈ ਸਿਆਸੀ ਆਤਮਘਾਤ ਕਰਨਾ ਹੋਏਗਾ। ਇਸ ਨਾਲ ਸਿੱਧੂ ਦਾ ਲੋਕਾਂ ਵਿੱਚ ਵੀ ਅਕਸ ਖਰਾਬ ਹੋਏਗਾ ਤੇ ਬੀਜੇਪੀ ਅੰਦਰ ਵੀ ਪਹਿਲਾਂ ਵਾਲਾ ਸਨਮਾਣ ਨਹੀਂ ਮਿਲੇਗਾ। ਉਂਝ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਜਿਹੀਆਂ ਖਬਰਾਂ ਨੂੰ ਰੱਦ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਿੱਧੂ ਨਾਲ ਕੋਈ ਰਾਬਤਾ ਨਹੀਂ ਹੋਇਆ। ਇਸ ਵੇਲੇ ਸਿੱਧੂ ਕਾਂਗਰਸ 'ਚ ਹਨ ਤੇ ਕਾਂਗਰਸ ਹੀ ਸਿੱਧੂ ਨੂੰ ਸੰਭਾਲੇ।